ਖੁਰਾਕ ਉਦਯੋਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੰਜਾਬ ਦੀਆਂ ਖੋਜ ਸੰਸਥਾਵਾਂ ਨੂੰ ਪ੍ਰਾਪਤ ਹੋਈ ਫੰਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਦਮ ਦਾ ਉਦੇਸ਼ ਸੂਬੇ ਦੇ ਮਾਹਿਰਾਂ ਤੇ ਫੂਡ ਪ੍ਰੋਸੈਸਿੰਗ ਉਦਯੋਗ ਦਰਮਿਆਨ ਮਜ਼ਬੂਤ ਅਤੇ ਟਿਕਾਊ ਨੈਟਵਰਕ ਸਥਾਪਤ ਕਰਨਾ- ਅਲੋਕ ਸ਼ੇਖਰ

National Agri-Food Biotechnology Institute

ਚੰਡੀਗੜ੍ਹ: ਪੰਜਾਬ ਦੇ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਵੱਲੋਂ ਬਾਇਓਤਕਨਾਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ), ਬਾਇਓਤਕਨਾਲੋਜੀ ਵਿਭਾਗ, ਭਾਰਤ ਸਰਕਾਰ ਤੋਂ ਵਿੱਤੀ ਸਹਾਇਤਾ ਨਾਲ ਪੰਜਾਬ ਸਟੇਟ ਬਾਇਓਟੈਕ ਕਾਰਪੋਰੇਸ਼ਨ ਜ਼ਰੀਏ ਆਪਣੀ ਤਰ੍ਹਾਂ ਦਾ ਪਹਿਲਾ ਸੈਕੰਡਰੀ ਐਗਰੀਕਲਚਰ ਇੰਟਰਪ੍ਰੀਨਿਊਰਲ ਨੈੱਟਵਰਕ (ਐਸ.ਏ.ਈ.ਐਨ.) ਸਥਾਪਤ ਕੀਤਾ ਗਿਆ ਹੈ।

ਕਾਰਪੋਰੇਸ਼ਨ ਦੇ ਡਾਇਰੈਕਟਰ ਅਤੇ ਨੈੱਟਵਰਕ ਪ੍ਰਾਜੈਕਟ ਦੇ ਪ੍ਰਮੁੱਖ ਜਾਂਚਕਰਤਾ ਡਾ. ਅਜੀਤ ਦੁਆ ਨੇ ਦੱਸਿਆ ਕਿ ਖੁਰਾਕ ੳਦਯੋਗ ਦੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ  ਰਾਜ ਦੀਆਂ ਪ੍ਰਮੁੱਖ ਖੋਜ ਸੰਸਥਾਵਾਂ ਜਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.), ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.), ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (ਐਨ.ਏ.ਬੀ.ਆਈ.) ਅਤੇ ਸੈਂਟਰ ਫਾਰ ਇਨੋਵੇਟਿਵ ਐਂਡ ਅਪਲਾਈਡ ਬਾਇਓਪ੍ਰੋਸੈਸਿੰਗ (ਸੀਆਈਏਬੀ) ਨੂੰ 85 ਲੱਖ ਰੁਪਏ ਤੋਂ ਵੱਧ ਦੀ ਫੰਡਿੰਗ ਨਾਲ ਦਸ ਥੋੜ੍ਹੀ ਮਿਆਦ ਦੇ ਉਦਯੋਗ-ਮੁਖੀ ਪ੍ਰਾਜੈਕਟ ਦਿੱਤੇ ਗਏ ਹਨ।

ਹੋਰ ਖੋਜ ਪ੍ਰੋਜੈਕਟਾਂ ਤੋਂ ਉਲਟ ਉਦਯੋਗਾਂ ਨੇ ਖੋਜ ਸੰਸਥਾਵਾਂ ਨਾਲ ਭਾਈਵਾਲੀ ਕੀਤੀ ਹੈ ਅਤੇ ਖੋਜ ਦੇ ਨਤੀਜਿਆਂ ਨੂੰ ਪ੍ਰਦਰਸ਼ਤ ਕਰਨ ਅਤੇ ਲਾਗੂ ਕਰਨ ਲਈ ਆਪਣੀਆਂ ਇਕਾਈਆਂ ਦੀ ਪੇਸ਼ਕਸ਼ ਕੀਤੀ ਹੈ। ਇਹ ਪ੍ਰਾਜੈਕਟ ਸਖਤ ਮੁਲਾਂਕਣ ਪ੍ਰਕਿਰਿਆ ਦੇ ਬਾਅਦ ਦਿੱਤੇ ਗਏ ਹਨ ਜੋ ਕੋਵਿਡ-19 ਲਾਕਡਾਉਨ ਦੌਰਾਨ ਵਰਚੁਅਲ ਪਲੇਟਫਾਰਮ ’ਤੇ ਕਾਫ਼ੀ ਚੁਣੌਤੀਪੂਰਨ ਰਿਹਾ।ਡਾ. ਦੁਆ ਨੇ ਕਿਹਾ ਕਿ ਇਹ ਮੁਲਾਂਕਣ ਕਮੇਟੀ ਦੇ ਸਹਿਯੋਗ ਅਤੇ ਐਸ.ਏ.ਈ.ਐਨ. ਪ੍ਰਾਜੈਕਟ ਟੀਮ ਦੇ ਸਮਰਪਣ ਨਾਲ ਸੰਭਵ ਹੋ ਸਕਿਆ।

ਸਾਇੰਸ ਟੈਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਮੌਜੂਦਾ ਹਾਲਾਤਾਂ ਵਿੱਚ ਪੰਜਾਬ ਲਈ ਸੈਕੰਡਰੀ ਐਗਰੀਕਲਚਰ (ਖੇਤੀਬਾੜੀ) ਦੀ ਮੁੱਢਲੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਇਸ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਖੋਜ ਅਤੇ ਵਿਕਾਸ ਖੇਤਰ ਦੇ ਮਾਹਿਰਾਂ ਅਤੇ ਰਾਜ ਦੇ ਫੂਡ ਪ੍ਰੋਸੈਸਿੰਗ ਉਦਯੋਗ ਦਰਮਿਆਨ ਇੱਕ ਮਜ਼ਬੂਤ ਅਤੇ ਟਿਕਾਊ ਨੈੱਟਵਰਕ ਸਥਾਪਤ ਕਰੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ.ਐਸ. ਢਿੱਲੋਂ ਨੇ ਕਾਰਪੋਰੇਸ਼ਨ ਅਤੇ ਸਹਿਯੋਗੀ ਸੰਸਥਾਵਾਂ ਦੇ ਉੱਦਮੀਆਂ ਦਾ ਇੱਕ ਨੈੱਟਵਰਕ ਬਣਾਉਣ ਅਤੇ ਫਸਲਾਂ ਨੂੰ ਲਾਭਕਾਰੀ ਬਣਾਉਣ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਨਾਲ ਨਾਲ ਬਾਇਓ ਰਹਿੰਦ-ਖੂੰਹਦ ਦੀ ਵਰਤੋਂ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ।

ਐਨ.ਏ.ਬੀ.ਆਈ. ਦੇ ਕਾਰਜਕਾਰੀ ਡਾਇਰੈਕਟਰ ਅਤੇ ਸੀ.ਆਈ.ਏ.ਬੀ. ਦੇ ਸੀ.ਈ.ਓ. ਡਾ. ਅਮੂਲਿਆ ਪਾਂਡਾ ਨੇ ਪੰਜਾਬ ਸਰਕਾਰ ਨਾਲ ਹੱਥ ਮਿਲਾਉਣ ਦੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਵਿਚ ਹਰੀ ਕ੍ਰਾਂਤੀ ਲਿਆਉਣ ਵਿਚ ਪੰਜਾਬ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ ਅਤੇ ਸਰਕਾਰ ਦੀ ਇਹ ਕੋਸ਼ਿਸ਼ ਸੈਕੰਡਰੀ ਐਗਰੀਕਲਚਰ ਵਿੱਚ ਨਵੇਂ ਇਨਕਲਾਬ ਨੂੰ ਹੁਲਾਰਾ ਦੇਵੇਗੀ। ਉਨ੍ਹਾਂ ਕਿਹਾ ਕਿ ਐਨ.ਏ.ਬੀ.ਆਈ. ਅਤੇ ਸੀਆਈਏਬੀ ਆਧੁਨਿਕ ਬਾਇਓਟੈਕਨਾਲੌਜੀ ਸਾਧਨਾਂ ਦੀ ਵਰਤੋਂ ਨਾਲ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣਗੀਆਂ।

ਡਾ. ਅਲਕੇਸ਼ ਕੰਦੋਰੀਆ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਫਲ ਅਤੇ ਸਬਜ਼ੀਆਂ ਅਤੇ ਅਨਾਜ ਤੇ ਅਨਾਜ ਪ੍ਰੋਸੈਸਿੰਗ ਸੈਕਟਰ ’ਤੇ ਧਿਆਨ ਕੇਂਦਰਿਤ ਕਰਦਿਆਂ ਨੈਟਵਰਕ ਦੇ ਅਧੀਨ ਮਨਜ਼ੂਰ ਕੀਤੇ ਗਏ ਪ੍ਰਾਜੈਕਟਾਂ ਵਿਚ ਰਹਿੰਦ-ਖੂੰਹਦ ਤੋਂ ਪੈਸਾ ਕਮਾਉਣ, ਸਿਹਤ ਲਈ ਲਾਭਕਾਰੀ ਖੁਰਾਕ ਤੇ ਸਾਡੇ ਰਵਾਇਤੀ ਮੁਰੱਬਾ ਅਤੇ ਪਾਪੜ ਉਦਯੋਗ ਦੀਆਂ ਲੋੜਾਂ ਵੱਲ ਧਿਆਨ ਦਿੱਤਾ ਜਾਵੇਗਾ।

ਡਾ. ਦੁਆ ਨੇ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ ਵੱਲੋਂ ਪਰਿਕਲਪਨਾ ਤੋਂ ਬਾਅਦ ਐਸ.ਏ.ਈ.ਐਨ. ਨੂੰ ਸਾਂਝੇ ਤੌਰ ’ਤੇ ਸਕੱਤਰ ਡੀ.ਬੀ.ਟੀ, ਭਾਰਤ ਸਰਕਾਰ ਅਤੇ ਮੁੱਖ ਸਕੱਤਰ ਪੰਜਾਬ ਵੱਲੋਂ ਸਾਲ 2018 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਹੁਣ ਕਾਰਪੋਰੇਸ਼ਨ ਦੁਆਰਾ ਮੋਹਰੀ ਏਜੰਸੀ ਵਜੋਂ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਐਨ.ਏ.ਬੀ.ਆਈ., ਸੀਆਈਏਬੀ ਅਤੇ ਬਾਇਓਨੈਸਟ-ਪੀਯੂ ਭਾਈਵਾਲ ਸੰਸਥਾਵਾਂ ਹਨ।

ਕਾਰਪੋਰੇਸ਼ਨ ਆਪਣਾ ਕੰਮ ਪੰਜਾਬ ਬਾਇਓਟੈਕਨਾਲੌਜੀ ਇਨਕਿਊਬੇਟਰ (ਪੀ.ਬੀ.ਟੀ.ਆਈ.) ਤੋਂ ਕਰ ਰਹੀ ਹੈ ਜੋ ਆਪਣੀ ਇਸ ਕਿਸਮ ਦੀ ਪਹਿਲੀ ਐਨ.ਏ.ਬੀ.ਐਲ ਪ੍ਰਵਾਨਿਤ ਸਟੇਟ ਐਨਾਲਿਟੀਕਲ ਐਂਡ ਕੰਟਰੈਕਚੂਅਲ ਰਿਸਰਚ ਏਜੰਸੀ ਹੈ ਜੋ ਇਸ ਕਾਰਜ ਖੇਤਰ ਵਿੱਚ ਉਦਯੋਗ, ਸਟਾਰਟਅੱਪਜ਼ ਅਤੇ ਉੱਦਮੀਆਂ ਦਾ ਸਮਰਥਨ ਕਰ ਰਹੀ ਹੈ। ਰਾਜ ਵਿੱਚ ਸੈਕੰਡਰੀ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲਈ ਕਾਰਪੋਰੇਸ਼ਨ, ਨੈਟਵਰਕ ਸੰਸਥਾਵਾਂ, ਭਾਈਵਾਲ ਸੰਸਥਾਵਾਂ ਅਤੇ ਪੀਬੀਟੀਆਈ ਦੇ ਸਾਂਝੇ ਯਤਨਾਂ ਦਾ ਵੱਡਾ ਸਮਰਥਨ ਹੋਵੇਗਾ।