ਸਿੱਖਿਆ ਵਿਭਾਗ ਨੂੰ ਮੋਹ ਅੰਗਰੇਜ਼ੀ ਨਾਲ ਹੇਜ ਪੰਜਾਬੀ ਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਅਧਿਆਪਕਾਂ ਨੂੰ ਜਾਰੀ ਕੀਤੇ ਪ੍ਰਸ਼ੰਸਾ ਪੱਤਰ

Department of Education love with English and hedge with punjabi

ਪਟਿਆਲਾ  (ਰਾਓਵਰਿੰਦਰ ਸਿੰਘ) : ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਪਿਛਲੇ ਮਹੀਨੇ 'ਇਕ ਰਾਸ਼ਟਰ ਇਕ ਭਾਸ਼ਾ' ਦੇ ਦਿਤੇ ਗਏ ਬਿਆਨ ਤੋਂ ਬਾਅਦ ਪੰਜਾਬੀ ਸਾਹਿਤਕਾਰਾਂ ਅਤੇ ਪੰਜਾਬੀ ਨੂੰ ਅਪਣੀ ਮਾਂ ਬੋਲੀ ਦਾ ਸਤਿਕਾਰ ਦੇਣ ਵਾਲੇ ਪੰਜਾਬੀਆਂ ਵਲੋਂ ਕਰੜਾ ਇਤਰਾਜ਼ ਜਤਾਇਆ ਗਿਆ ਸੀ ਅਤੇ ਪੰਜਾਬ ਵਿਚ ਹਰ ਲਿਖਤੀ ਕੰਮ ਨੂੰ ਪੰਜਾਬੀ ਵਿਚ ਹੀ ਕੀਤੇ ਜਾਣ ਦੀ ਪੁਰਜ਼ੋਰ ਮੰਗ ਵੀ ਲਗਾਤਾਰ ਜਾਰੀ ਹੈ।

ਪਰ ਪੰਜਾਬ ਦੇ ਸਿਖਿਆ ਵਿਭਾਗ ਨੇ ਉਦੋਂ ਇਸ ਵਿਵਾਦ ਨੂੰ ਹੋਰ ਉਛਾਲ ਦਿਤਾ ਹੈ, ਜਦੋਂ ਬੀਤੇ ਕਲ ਸਿਖਿਆ ਵਿਭਾਗ ਵਲੋਂ ਪੰਜਾਬ ਦੇ 100 ਫ਼ੀ ਸਦੀ ਨਤੀਜਿਆਂ ਵਾਲੇ ਸਕੂਲਾਂ ਦੇ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਪਟਿਆਲਾ ਵਿਖੇ ਇਕ ਸਮਾਗਮ ਕੀਤਾ ਗਿਆ। ਇਸ ਸਮਾਗਮ ਦੌਰਾਨ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ 1700 ਅਧਿਆਪਕਾਂ ਨੂੰ ਜੋ ਪ੍ਰਸ਼ੰਸਾ ਪੱਤਰ ਦਿਤੇ ਗਏ, ਉਹ ਪੰਜਾਬੀ ਦੀ ਬਜਾਏ ਅੰਗਰੇਜ਼ੀ ਭਾਸ਼ਾ ਵਿਚ ਲਿਖੇ ਮਿਲੇ। 

ਪੰਜਾਬ ਦੇ ਸਿਖਿਆ ਵਿਭਾਗ ਵਲੋਂ ਅਧਿਆਪਕਾਂ ਨੂੰ ਦਿਤੇ ਗਏ ਪ੍ਰਸ਼ੰਸਾ ਪੱਤਰਾਂ ਨੂੰ ਅੰਗਰੇਜ਼ੀ ਵਿਚ ਲਿਖਿਆ ਦੇਖ ਇਕ ਵਾਰ ਫਿਰ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਲੇਖਕ ਅਤੇ ਆਮ ਲੋਕ ਰੋਹ ਵਿਚ ਆ ਗਏ ਹਨ। ਜਾਣਕਾਰੀ ਅਨੁਸਾਰ ਬਾਕੀ ਥਾਵਾਂ 'ਤੇ ਜੋ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦਿਤੇ ਗਏ ਹਨ, ਉਹ ਪੰਜਾਬੀ ਵਿਚ ਹਨ ਪਰ ਪਟਿਆਲਾ ਵਿਚ ਜਿਸ ਵੀ ਅਧਿਆਪਕ ਨੂੰ ਇਹ ਪ੍ਰਸ਼ੰਸਾ ਪੱਤਰ ਮਿਲਿਆ ਹੈ ਉਹ ਅੰਗਰੇਜ਼ੀ ਵਿਚ ਲਿਖਿਆ ਹੋਇਆ ਹੈ।

ਇਸ ਨੂੰ ਦੇਖ ਕੇ ਅਨੇਕਾਂ ਅਧਿਆਪਕ ਵੀ ਹੈਰਾਨ ਸਨ ਕਿ ਖ਼ੁਦ ਪੰਜਾਬ ਦਾ ਸਿਖਿਆ ਵਿਭਾਗ ਹੀ ਮਾਂ ਬੋਲੀ ਪੰਜਾਬੀ ਦੀ ਥਾਂ ਅੰਗਰੇਜ਼ੀ ਨੂੰ ਤਰਜ਼ੀਹ ਦੇ ਰਿਹਾ ਹੈ ਤੇ ਅਧਿਆਪਕਾਂ ਨੂੰ ਦਿੱਤੇ ਪ੍ਰਸੰਸਾ ਪੱਤਰਾਂ 'ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਹਸਤਾਖਰ ਵੀ ਹਨ। ਇਸ ਲਈ ਇਹ ਸਾਰੀ ਜਿੰਮੇਵਾਰੀ ਸਿੱਖਿਆ ਸਕੱਤਰ ਦੀ ਹੀ ਬਣਦੀ ਸੀ ਕਿ ਪੰਜਾਬ ਦਾ ਸਿੱਖਿਆ ਵਿਭਾਗ ਆਪਣੇ 100 ਫੀਸਦੀ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਜਾਰੀ ਕਰਨ ਵੇਲੇ ਇਹ ਜ਼ਰੂਰ ਸੋਚ ਲੈਂਦਾ ਕਿ ਪ੍ਰਸੰਸਾ ਪੱਤਰ ਨੂੰ ਕਿਸ ਭਾਸ਼ਾ ਦੇ ਵਿੱਚ ਜਾਰੀ ਕੀਤਾ ਜਾ ਰਿਹਾ ਹੈ। ਇਸ ਮਸਲੇ ਸਬੰਧੀ ਜਦੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਫੋਨ 'ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।