ਸਿਖਿਆ ਵਿਭਾਗ ਦਾ ਨਵਾਂ ਕਾਰਨਾਮਾ : ਵਿਦਿਆਰਥੀਆਂ ਨੂੰ ਗਰਮੀ 'ਚ ਭੇਜੀਆਂ ਗਰਮ ਵਰਦੀਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦਾ ਮਾਮਲਾ

Students

ਕੋਟਕਪੂਰਾ : ਹੱਡ ਚੀਰਵੀ  ਠੰਡ 'ਚ ਵਿਦਿਆਰਥੀ ਠਰਦੇ ਰਹੇ ਤੇ ਸਰਕਾਰ ਕੋਲੋਂ ਮਿਲਣ ਵਾਲੀਆਂ ਗਰਮ ਵਰਦੀਆਂ ਦੀ ਉਡੀਕ ਕਰਦੇ ਰਹੇ ਪਰ ਹੁਣ ਜਦੋਂ ਸਰਦ ਰੁੱਤ ਲਗਭਗ ਖ਼ਤਮ ਹੋਣ ਕਿਨਾਰੇ ਹੈ ਤਾਂ ਪੰਜਾਬ ਸਰਕਾਰ ਵਲੋਂ ਸਿਖਿਆ ਵਿਭਾਗ ਜ਼ਰੀਏ ਵਿਦਿਆਰਥੀਆਂ ਨੂੰ ਵਿਦਿਅਕ ਸ਼ੈਸਨ 2018-19 ਦੀਆਂ ਵਰਦੀਆਂ ਸਕੂਲਾਂ 'ਚ ਭੇਜੀਆਂ ਜਾ ਰਹੀਆਂ ਹਨ।

ਇਹ ਮਾਮਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋ 'ਚ ਉਸ ਵਕਤ ਸਾਹਮਣੇ ਆਇਆ ਜਦੋਂ ਸਿਖਿਆ ਵਿਭਾਗ ਵਲੋਂ ਸਰਕਾਰੀ ਸਕੂਲ ਦੇ ਕਰੀਬ 240 ਬੱਚਿਆਂ ਲਈ ਠੰਢ 'ਚ ਪਾਉਣ ਵਾਲੀਆਂ ਸਕੂਲੀ ਵਰਦੀਆਂ ਗਰਮੀ 'ਚ ਭੇਜੀਆਂ ਗਈਆਂ ਤਾਂ ਅਧਿਆਪਕ ਆਗੂ ਨੇ ਵਰਦੀਆਂ ਦੀ ਕੁਆਲਟੀ 'ਤੇ ਸਵਾਲ ਉਠਾਏ। ਜਾਣਕਾਰੀ ਅਨੁਸਾਰ ਸਕੂਲੀ ਵਿਦਿਆਰਥੀਆਂ ਲਈ ਵਰਦੀਆਂ 2018-19 ਦੇ ਸੈਸ਼ਨ ਲਈ ਭੇਜੀਆਂ ਗਈਆਂ ਹਨ, ਜਿਸ 'ਚ ਵਿਦਿਆਰਥਣਾਂ ਲਈ ਸਲਵਾਰ ਕਮੀਜ, ਦੁਪੱਟਾ, ਬੂਟ-ਜੁਰਾਬਾਂ ਅਤੇ ਗਰਮ ਕੋਟੀ ਦੇ ਨਾਲ-ਨਾਲ ਵਿਦਿਆਰਥੀਆਂ ਲਈ ਪੈਂਟ ਕਮੀਜ਼, ਬੂਟ-ਜੁਰਾਬਾਂ, ਪਟਕਾ ਜਾਂ ਗਰਮ ਟੋਪੀਆਂ ਸਮੇਤ ਗਰਮ ਜਰਸੀਆਂ ਸ਼ਾਮਲ ਹਨ।

ਇਸ ਮਾਮਲੇ ਸਬੰਧੀ ਜਦ ਸਕੂਲ ਦੇ ਪ੍ਰਿੰਸੀਪਲ ਇਕਬਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਸਕੂਲ 'ਚ ਪੜਨ ਵਾਲੇ ਕਰੀਬ 240 ਵਿਦਿਆਰਥੀਆਂ ਲਈ ਭੇਜੀਆਂ ਗਈਆਂ ਵਰਦੀਆਂ ਨੂੰ ਰਿਜਲਟ ਵਾਲੇ ਦਿਨ ਵੰਡਿਆ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਇਹ ਸਰਦੀਆਂ ਦੀ ਵਰਦੀ ਹੈ ਪਰ ਵਿਦਿਆਰਥੀ/ਵਿਦਿਆਰਥਣਾ ਨੂੰ ਅਗਲੀਆਂ ਸਰਦੀਆਂ 'ਚ ਇਹ ਵਰਦੀ ਕੰਮ ਜਰੂਰ ਆਵੇਗੀ। ਜ਼ਿਲ੍ਹਾ ਸਿਖਿਆ ਅਫਸਰ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਇਹ ਵਰਦੀਆਂ ਬੱਚਿਆਂ ਦੇ ਅਗਲੀ ਸਰਦੀ 'ਚ ਕੰਮ ਆ ਜਾਣਗੀਆਂ।