ਹਸਪਤਾਲ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ, ਮਹਿਲਾ ਨੇ ਜ਼ਮੀਨ 'ਤੇ ਦਿੱਤਾ ਬੱਚੀ ਨੂੰ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਵੱਲੋਂ ਹਸਪਤਾਲ 'ਤੇ ਲਗਾਏ ਗਏ ਗੰਭੀਰ ਦੋਸ਼ 

Woman Delivery on Floor

ਮੋਗਾ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਚ ਕਰਮਚਾਰੀਆਂ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਇੱਥੇ ਡਿਲੀਵਰੀ ਕਰਵਾਉਣ ਆਈ ਮਹਿਲਾ ਨੂੰ ਹਸਪਤਾਲ ਨੇ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਔਰਤ ਨੂੰ ਫਰੀਦਕੋਟ ਰੈਫਰ ਕੀਤਾ। 

ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹਨਾਂ ਦੀ ਗਰਭਵਤੀ ਪਤਨੀ ਦਾ ਇਲ਼ਾਜ ਸਿਵਲ ਹਸਪਤਾਲ ਵਿਚ ਚੱਲ ਰਿਹਾ ਸੀ। ਅੱਜ ਸਵੇਰੇ 5.03 ਵਜੇ ਜਦੋਂ ਉਹ ਅਪਣੀ ਪਤਨੀ ਨੂੰ ਡਿਲੀਵਰੀ ਕਰਵਾਉਣ ਲਈ ਸਿਵਲ ਹਸਪਤਾਲ ਲੈ ਕੇ ਆਏ ਤਾਂ ਡਾਕਟਰ ਨੇ ਬਿਨਾਂ ਜਾਂਚ ਕੀਤੇ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ। 

ਇਸ ਤੋਂ ਬਾਅਦ ਮਹਿਲਾ ਨੇ ਹਸਪਤਾਲ ਦੇ ਬਾਹਰ ਫਰਸ਼ 'ਤੇ ਹੀ ਬੱਚੀ ਨੂੰ ਜਨਮ ਦਿੱਤਾ। ਮਹਿਲਾ ਦੇ ਪਤੀ ਨੇ ਦੱਸਿਆ ਕਿ ਡਿਲੀਵਰੀ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਵਿਚ ਦਾਖਲ ਕਰ ਲਿਆ ਪਰ ਪਰਿਵਾਰਕ ਮੈਂਬਰਾਂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। 

ਇਸ ਘਟਨਾ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦੀ ਧੀ ਨਾਲ ਅਜਿਹਾ ਵਰਤਾਅ ਕਰਨਾ ਗਲਤ ਹੈ।  ਮਹਿਲਾ ਦੇ ਭਰਾ ਨੇ ਵੀ ਹਸਪਤਾਲ ਪ੍ਰਸ਼ਾਸਨ  'ਤੇ ਗੰਭੀਰ ਦੋਸ਼ ਲਗਾਏ। ਉਹਨਾਂ ਕਿਹਾ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਉਹਨਾਂ ਦੀ ਭੈਣ ਦੀ ਜਾਨ ਖਤਰੇ ਵਿਚ ਪਈ ਹੈ। 

ਉਧਰ ਅਪਣਾ ਪੱਖ ਰੱਖਦਿਆਂ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਗਰਭਵਤੀ ਮਹਿਲਾ ਵਿਚ ਖੂਨ ਦੀ ਕਮੀ ਪਾਈ ਗਈ, ਜਿਸ ਕਾਰਨ ਉਸ ਦੀ ਡਿਲੀਵਰੀ ਵਿਚ ਮੁਸ਼ਕਲ ਆ ਸਕਦੀ ਸੀ। ਇਸ ਲਈ ਉਹਨਾਂ ਨੇ ਮਹਿਲਾ ਨੂੰ ਫਰੀਦਕੋਟ ਰੈਫਰ ਕੀਤਾ ਸੀ।