2014 ਦੇ ਝੂਠੇ ਪੁਲਿਸ ਮੁਕਾਬਲੇ ’ਚ ਅਕਾਲੀ ਆਗੂ ਤੇ 2 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ

ਏਜੰਸੀ

ਖ਼ਬਰਾਂ, ਪੰਜਾਬ

ਦੋ ਸਕੇ ਭਰਾਵਾਂ ਦੇ ਕਤਲ ਕੇਸ ਵਿਚ ਵਧੀਕ ਸੈਸ਼ਨ ਜੱਜ ਰਾਜਕੁਮਾਰ ਦੀ ਅਦਾਲਤ ਨੇ ਅਕਾਲੀ ਆਗੂ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ

Akali leader and 2 police personnel were sentenced to life imprisonment in fake encounter

 

ਲੁਧਿਆਣਾ: ਜਮਾਲਪੁਰ ਇਲਾਕੇ ਦੀ ਆਹਲੂਵਾਲੀਆ ਕਲੋਨੀ ਵਿਚ ਦੋ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਨੂੰ ਪੁਲਿਸ ਨੇ ਐਨਕਾਊਂਟਰ ਦਿਖਾਉਣ ਦੀ ਕੋਸ਼ਿਸ਼ ਕੀਤੀ। ਹੁਣ ਇਹ ਮੁਕਾਬਲਾ ਫਰਜ਼ੀ ਸਾਬਤ ਹੋ ਗਿਆ ਹੈ। ਇਸ ਮਾਮਲੇ ਵਿਚ ਸੋਮਵਾਰ ਨੂੰ ਲੁਧਿਆਣਾ ਦੀ ਅਦਾਲਤ ਵਿਚ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਮੁਲਜ਼ਮਾਂ ਵਿਚ ਇਕ ਅਕਾਲੀ ਆਗੂ ਸਮੇਤ ਦੋ ਪੁਲਿਸ ਮੁਲਾਜ਼ਮ ਸ਼ਾਮਲ ਹਨ। ਮਾਮਲਾ ਸਤੰਬਰ 2014 ਦਾ ਹੈ।

ਦੋ ਸਕੇ ਭਰਾਵਾਂ ਦੇ ਕਤਲ ਕੇਸ ਵਿਚ ਵਧੀਕ ਸੈਸ਼ਨ ਜੱਜ ਰਾਜਕੁਮਾਰ ਦੀ ਅਦਾਲਤ ਨੇ ਅਕਾਲੀ ਆਗੂ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ, ਜਦਕਿ ਇਕ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ। ਤਿੰਨਾਂ ਨੂੰ ਕਤਲ, ਆਰਮਜ਼ ਐਕਟ ਅਤੇ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਤੰਬਰ 2014 ਵਿਚ ਮਾਛੀਵਾੜਾ ਦੇ ਪਿੰਡ ਬੋਹਾਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਹਰਿੰਦਰ ਸਿੰਘ (23) ਅਤੇ ਜਤਿੰਦਰ ਸਿੰਘ (25) ਨੂੰ ਖੰਨਾ ਪੁਲਿਸ ਨੇ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ਵਿਚ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਸੀ। ਮਾਮਲੇ ਵਿਚ ਅਦਾਲਤ ਨੇ ਅਕਾਲੀ ਆਗੂ ਗੁਰਜੀਤ ਸਿੰਘ, ਕਾਂਸਟੇਬਲ ਯਾਦਵਿੰਦਰ ਸਿੰਘ ਅਤੇ ਹੋਮ ਗਾਰਡ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੋਮ ਗਾਰਡ ਜਵਾਨ ਬਲਦੇਵ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ। ਦੋਸ਼ੀਆਂ ਨੂੰ ਅਦਾਲਤ ਨੇ ਜੁਰਮਾਨਾ ਵੀ ਲਗਾਇਆ ਹੈ।

ਦੱਸ ਦੇਈਏ ਕਿ ਦੋਵਾਂ ਭਰਾਵਾਂ ਦੇ ਪੋਸਟਮਾਰਟਮ 'ਚ ਪਤਾ ਲੱਗਿਆ ਸੀ ਕਿ ਗੋਲੀਆਂ ਬਹੁਤ ਨੇੜਿਓਂ ਚੱਲੀਆਂ ਸਨ। ਕਿਸੇ ਵੀ ਮੁਕਾਬਲੇ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਜ਼ਿਆਦਾਤਰ ਗੋਲੀਆਂ ਸਰੀਰ ਵਿਚੋਂ ਲੰਘ ਗਈਆਂ ਸਨ। ਉਸ ਸਮੇਂ ਸਿਵਲ ਹਸਪਤਾਲ ਵਿਖੇ ਤਾਇਨਾਤ ਡਾ. ਸੁਰੇਸ਼ ਕੌਸ਼ਲ, ਡਾ. ਜਸਬੀਰ ਕੌਰ ਅਤੇ ਡਾ. ਸੀਮਾ ਚੋਪੜਾ ਨੇ ਜਤਿੰਦਰ ਅਤੇ ਹਰਿੰਦਰ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ |

ਪੋਸਟਮਾਰਟਮ ਵਿਚ ਸਾਹਮਣੇ ਆਇਆ ਸੀ ਕਿ ਹਰਿੰਦਰ ਨੂੰ 3 ਗੋਲੀਆਂ ਲੱਗੀਆਂ ਸਨ। ਸੱਜੇ ਪਾਸੇ ਤੋਂ ਚਲਾਈ ਗਈ ਗੋਲੀ ਹਰਿੰਦਰ ਦੇ ਸਰੀਰ ਦੇ ਆਰ-ਪਾਰ ਹੋ ਗਈ ਸੀ, ਜਦਕਿ ਛਾਤੀ 'ਤੇ ਲੱਗੀ ਗੋਲੀ ਸਰੀਰ 'ਚ ਲੱਗੀ ਹੋਈ ਸੀ। ਹਰਿੰਦਰ 'ਤੇ ਚਲਾਈਆਂ ਗਈਆਂ ਗੋਲੀਆਂ 'ਚੋਂ ਇਕ ਗੋਲੀ ਉਸ ਦੀ ਬਾਂਹ 'ਚ ਲੱਗੀ ਹੋਈ ਸੀ। ਰਿਪੋਰਟ ਮੁਤਾਬਕ ਜਤਿੰਦਰ 'ਤੇ ਬਹੁਤ ਨੇੜਿਓਂ ਦੋ ਗੋਲੀਆਂ ਚਲਾਈਆਂ ਗਈਆਂ। ਦੱਸ ਦੇਈਏ ਕਿ ਇਸ ਕੇਸ ਦੇ ਮੁਲਜ਼ਮ ਤਤਕਾਲੀ ਐਸਐਚਓ ਮਨਜਿੰਦਰ ਸਿੰਘ ਅਤੇ ਉਸ ਦਾ ਰੀਡਰ ਕਾਂਸਟੇਬਲ ਸੁਖਬੀਰ ਸਿੰਘ 7 ਸਾਲਾਂ ਤੋਂ ਫਰਾਰ ਹਨ।