ਮੁੱਖ ਪੰਡਾਲ ਵਿਚ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਨਿਹਾਲ ਹੋਈਆਂ ਸੰਗਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਕੁਦਰਤ ਦੇ ਕਾਦਰ ਦੀ ਕੀਤੀ ਸਿਫ਼ਤ ਸਲਾਹ

Famous kirtani Jathe enthrall the audience with the supreme religious Kirtan

ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਨਾਲ ਸ਼ਰਸਾਰ ਰਹੀ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਐਤਵਾਰ ਦੀ ਸਵੇਰ ਤੋਂ ਸੰਧਿਆ ਵੇਲੇ ਤਕ ਮੁੱਖ ਪੰਡਾਲ ਵਿਚ ਜੁਗੋ ਜੁਗ ਅਟਲ ਸ੍ਰੀ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜੇ ਦੀਵਾਨਾਂ ਵਿਚ ਅੱਜ ਗੁਰਬਾਣੀ ਦੇ ਇਲਾਹੀ ਕੀਰਤਨ ਨੇ ਸੰਗਤਾਂ ਨੂੰ ਗੁਰ ਚਰਨਾਂ ਨਾਲ ਜੋੜਿਆ। ਸਿੱੱਖ ਪੰਥ ਦੇ ਪ੍ਰਸਿੱਧ ਵੱਖ ਵੱਖ ਕੀਰਤਨੀ ਜੱਥਿਆਂ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਭਾਈ ਸਤਿੰਦਰਪਾਲ ਸਿੰਘ ਸੁਲਤਾਨਪੁਰ ਲੋਧੀ ਵਾਲਿਆਂ ਦੇ ਜੱਥੇ ਨੇ ਇਲਾਹੀ ਬਾਣੀ ਦਾ ਕੀਰਤਨ ਛੋਹਿਆ ਤਾਂ ਸਭ ਸੰਗਤਾਂ ਨੇ ਇਕਮਨ ਹੋ ਉਸ ਇਲਾਹੀ ਜੋਤ ਦੀ ਉਸਤਤ ਵਿਚ ਹਿੱਸੇਦਾਰੀ ਪਾਈ ਕਿਉਂਕਿ ਵਾਹਿਗੁਰੂ ਦੇ ਸਿਮਰਨ ਨਾਲ ਹੀ ਮਨੁੱਖ ਦੇ ਸਭੈ ਕਾਰਜ ਰਾਸ ਹੁੰਦੇ ਹਨ। ਇਸ ਤੋਂ ਬਾਅਦ ਪ੍ਰਿੰਸੀਪਲ ਸੁਖਵੰਤ ਸਿੰਘ ਜਡਿੰਆਲਾ ਨੇ ਜੀਵਨ ਵਿਚ ਸੱਚੇ ਗੁਰੂ ਦੇ ਮਹੱਤਵ ਨੂੰ ਉਜਾਗਰ ਕਰਦਾ ਗੁਰਬਾਣੀ ਦਾ ਸ਼ਬਦ ਗਾਇਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੇ ਜੱਥੇ ਨੇ ਪੁਰਾਤਨ ਤੰਤੀ ਸਾਜਾਂ ਸਮੇਤ ਮਾਰੂ ਰਾਗ ਵਿਚ ਕਰਤੇ ਅੱਗੇ ਇਕ ਸਿੱਖ ਦੇ ਹਿਰਦੇ ਦੀ ਪੀੜ ਬਿਆਨ ਕਰਦਾ ਸ਼ਬਦ ਛੋਹਿਆ। 

ਇਸ ਤੋਂ ਬਾਅਦ ਬੀਬੀ ਰਾਜਵਿੰਦਰ ਕੌਰ ਅੰਮ੍ਰਿਤਸਰ ਦੇ ਜੱਥੇ ਦੇ ਇਲਾਹੀ ਕੀਰਤਨ ਨਾਲ ਨਗਰੀ ਦੀ ਆਬੋ ਹਵਾ ਵਿਚ ਇਲਾਹੀ ਬਾਣੀ ਦੀਆਂ ਤਰੰਗਾ ਫੈਲ ਗਈਆਂ। ਇਸ ਉਪਰੰਤ ਡਾ. ਗੁਰਿੰਦਰ ਸਿੰਘ ਬਟਾਲਾ, ਭਾਈ ਸਤਵਿੰਦਰ ਸਿੰਘ ਬੋਦਲ, ਬੀਬੀ ਆਸ਼ੂਪ੍ਰੀਤ ਕੌਰ ਜਲੰਧਰ, ਡਾ. ਨਵੇਦਿੱਤਾ ਸਿੰਘ ਪਟਿਆਲਾ ਅਤੇ ਭਾਈ ਬਲਵੰਤ ਸਿੰਘ ਨਾਮਧਾਰੀ ਦੇ ਕੀਰਤਨੀ ਜੱਥਿਆਂ ਨੇ ਗੁਰਬਾਣੀ ਗਾਇਨ ਰਾਹੀਂ ਇਸ ਬ੍ਰਹਿਮੰਡ ਦੇ ਨਿਰਵੈਰ, ਨਿਰਭਓ, ਸਿਰਜਣਹਾਰੇ ਦੀ ਉਸਤਤ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।

ਇਸ ਮੌਕੇ ਮਾਲ ਵਿਭਾਗ  ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਸਥਾਨਕ ਵਿਧਾਇਕ ਸ: ਨਵਤੇਜ ਸਿੰਘ ਚੀਮਾ ਨੇ ਵੀ ਸੰਗਤਾਂ ਨਾਲ ਨਿਮਾਣੇ ਸਿੱਖ ਵਿਚ ਗੁਰੂ ਜੀ ਦੇ ਦਰਬਾਰ ਵਿਚ ਹਾਜਿਰੀ ਭਰੀ। ਇਸ ਤੋਂ ਬਿਨਾਂ ਬਾਬਾ ਪ੍ਰਗਟ ਸਿੰਘ ਚੋਲਾ ਸਾਹਿਬ ਵਾਲੇ, ਬਾਬਾ ਸਾਹਿਬ ਸਿੰਘ, ਬਾਬਾ ਪ੍ਰਿਤਪਾਲ ਸਿੰਘ, ਬਾਬਾ ਬੀਰਾ ਸਿੰਘ ਸਿਰਹਾਲੀ ਸਾਹਿਬ ਵਾਲੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਏ।