ਦੀਵਾਲੀ ਬੰਪਰ ਨੇ ਰੁਸ਼ਨਾਈ ਪੇਂਟਰ ਦੀ ਜ਼ਿੰਦਗੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਜੀਵ ਕੁਮਾਰ ਨੇ ਢਾਈ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ

Punjab Diwali Bumper illuminates life of painter from Himachal Pradesh

ਚੰਡੀਗੜ੍ਹ : ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੇ ਪਿੰਡ ਚੂਰੜੂ ਦੇ ਵਸਨੀਕ ਸੰਜੀਵ ਕੁਮਾਰ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ ਹੈ। ਪੇਂਟਰ, ਪਲੰਬਰ ਤੇ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਸੰਜੀਵ ਨੇ ਢਾਈ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ।

ਸੰਜੀਵ ਕੁਮਾਰ ਨੇ ਦਸਿਆ ਕਿ ਪੀਜੀਆਈ ਚੰਡੀਗੜ੍ਹ ਤੋਂ ਆਪਣੇ ਬੇਟੇ ਨੂੰ ਦੀਵਾਈ ਦਿਵਾਉਣ ਬਾਅਦ ਪਿੰਡ ਨੂੰ ਪਰਤਦੇ ਸਮੇਂ ਉਸ ਨੇ ਨੰਗਲ ਦੇ ਬੱਸ ਅੱਡੇ ਨੇੜਲੇ ਇਕ ਲਾਟਰੀ ਟਿਕਟ ਸਟਾਲ ਤੋਂ ਦੋ ਟਿਕਟਾਂ ਖਰੀਦੀਆਂ ਸਨ ਅਤੇ ਉਸ ਨੂੰ ਟਿਕਟ ਨੰਬਰ ਏ-411577 ਨੇ ਰਾਤੋਂ ਰਾਤ ਕਰੋੜਪਤੀ ਬਣਾ ਦਿੱਤਾ ਹੈ। ਉਸ ਨੇ ਦਸਿਆ ਕਿ ਉਹ ਆਪਣੇ ਪਰਿਵਾਰ ਵਿਚ ਇਕੱਲਾ ਕਮਾਊ ਹੈ ਅਤੇ ਉਸ ਨੂੰ ਉਮੀਦ ਹੈ ਕਿ ਇਹ ਵੱਡੀ ਇਨਾਮੀ ਰਾਸ਼ੀ ਉਸ ਦੀਆਂ ਸਾਰੀਆਂ ਮਾਲੀ ਮੁਸ਼ਕਲਾਂ ਖ਼ਤਮ ਕਰ ਦੇਵੇਗੀ।

ਇਕ ਧੀ ਤੇ ਪੁੱਤਰ ਦੇ ਬਾਪ ਸੰਜੀਵ ਨੇ ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਰਾਸ਼ੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰਨਾ ਚਾਹੁੰਦਾ ਹੈ। ਉਸ ਨੇ ਇਨਾਮੀ ਰਾਸ਼ੀ ਹਾਸਲ ਕਰਨ ਲਈ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਦਸਤਾਵੇਜ਼ ਤੇ ਟਿਕਟ ਜਮ੍ਹਾਂ ਕਰਵਾ ਦਿੱਤੀ ਹੈ। ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਇਨਾਮੀ ਰਾਸ਼ੀ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ।

ਜ਼ਿਕਰਯੋਗ ਹੈ ਕਿ ਲਾਟਰੀਜ਼ ਵਿਭਾਗ ਵੱਲੋਂ ਪੰਜਾਬ ਰਾਜ ਦੀਵਾਲੀ ਬੰਪਰ 2019 ਦਾ ਡਰਾਅ 1 ਨਵੰਬਰ 2019 ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਸੀ ਅਤੇ ਪੰਜ ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰਬਰ ਏ-411577 ਅਤੇ ਬੀ-315020 (2.5-2.5 ਰੁਪਏ ਪ੍ਰਤੀ ਟਿਕਟ) ਨੂੰ ਨਿਕਲਿਆ ਸੀ।