ਨਕਲੀ ਪਨੀਰ ਬਣਾਉਣ ਵਾਲੀ ਫੈਕਟਰੀ 'ਤੇ ਛਾਪਾ, ਭਾਰੀ ਮਾਤਰਾ 'ਚ ਨਕਲੀ ਪਨੀਰ ਤੇ ਕੈਮੀਕਲ ਬਰਾਮਦ
ਨਜਾਇਜ਼ ਤੌਰ ਤੇ ਚੱਲ ਰਹੀ ਫੈਕਟਰੀ 'ਤੇ ਐਂਟੀ ਨਾਰਕੋਟਿਕਸ ਹੈਲਥ ਵਿਭਾਗ ਅਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਛਾਪੇਮਾਰੀ
ਫ਼ਾਜ਼ਿਲਕਾ: ਜ਼ਿਲ੍ਹੇ ਦੀ ਰਾਧਾ ਸਵਾਮੀ ਕਲੋਨੀ ਵਿਚ ਐਂਟੀ ਨਾਰਕੋਟਿਕਸ ਹੈਲਥ ਅਤੇ ਪੰਜਾਬ ਪੁਲਿਸ ਵੱਲੋਂ ਨਕਲੀ ਪਨੀਰ ਬਣਾਉਣ ਵਾਲੀ ਫੈਕਟਰੀ 'ਤੇ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਪਿਛਲੇ ਪੰਜ ਸਾਲਾਂ ਤੋਂ ਨਾਜਾਇਜ਼ ਤੌਰ 'ਤੇ ਚੱਲ ਰਹੀ ਸੀ।
ਛਾਪੇਮਾਰੀ ਦੌਰਾਨ ਇਕ ਕੁਇੰਟਲ ਤੇਰਾਂ ਕਿਲੋ ਨਕਲੀ ਪਨੀਰ, ਵੱਡੀ ਮਾਤਰਾ ਵਿਚ ਕੈਮੀਕਲ ਅਤੇ ਪਾਊਡਰ ਬਰਾਮਦ ਕੀਤਾ ਗਿਆ। ਇਸ ਮੌਕੇ ਫੈਕਟਰੀ ਮਾਲਕ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਕਾਗਜ਼ਾਤ ਨਹੀਂ ਦਿਖਾਇਆ ਜਾ ਸਕਿਆ ਅਤੇ ਫੈਕਟਰੀ ਮਾਲਕਾਂ ਵਲੋਂ ਲਾਇਸੰਸ ਅਪਲਾਈ ਕੀਤੇ ਹੋਣ ਦੀ ਗੱਲ ਆਖੀ ਗਈ ਪਰ ਉਹਨਾਂ ਕੋਲ ਕੋਈ ਰਸੀਦ ਵੀ ਨਹੀਂ ਸੀ।
ਉਧਰ ਇਸ ਮਾਮਲੇ ਸਬੰਧੀ ਐਂਟੀ ਨਾਰਕੋਟਿਕਸ ਵਿਭਾਗ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਥਾਂ 'ਤੇ ਸੁੱਕੇ ਦੁੱਧ ਤੋਂ ਪਨੀਰ ਤਿਆਰ ਕੀਤਾ ਜਾ ਰਿਹਾ। ਛਾਪੇਮਾਰੀ ਦੌਰਾਨ ਉਹਨਾਂ ਨੇ ਭਾਰੀ ਮਾਤਰਾ ਵਿਚ ਨਕਲੀ ਪਨੀਰ, ਕੈਮੀਕਲ ਅਤੇ ਪਾਊਡਰ ਬਰਾਮਦ ਵੀ ਕੀਤਾ। ਐਂਟੀ ਨਾਰਕੋਟਿਕਸ ਵਿਭਾਗ ਨੇ ਪਨੀਰ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।