ਵਿਜੀਲੈਂਸ ਵਲੋਂ ਰਿਸ਼ਵਤ ਲੈਂਦਾ ਪਟਵਾਰੀ ਕਾਬੂ, ਪਟਵਾਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕੀਤ ਹੈ ਪਰ ਪਟਵਾਰ ਯੂਨੀਅਨ ਨੇ...

Bribe Case

ਬਠਿੰਡਾ : ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਇਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕੀਤ ਹੈ ਪਰ ਪਟਵਾਰ ਯੂਨੀਅਨ ਨੇ ਇਸ ਨੂੰ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਵਿਜੀਲੈਂਸ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਪਟਵਾਰ ਯੂਨੀਅਨ ਦੇ ਪ੍ਰਧਾਨ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੇ ਪਟਵਾਰੀ ਸੁਖਦੇਵ ਸਿੰਘ ਦੀ ਜੇਬ ਵਿਚ ਧੱਕੇ ਨਾਲ ਪੈਸੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪੈਸੇ ਜ਼ਮੀਨ ‘ਤੇ ਸੁੱਟ ਦਿਤੇ।

ਵਿਜੀਲੈਂਸ ਨੇ ਪੈਸੇ ਧਰਤੀ ਤੋਂ ਹੀ ਬਰਾਮਦ ਕੀਤੇ ਹਨ ਜਦੋਂ ਕਿ ਪਟਵਾਰੀ ਦੇ ਹੱਥ ਧੋਤੇ ਗਏ ਤਾਂ ਉਹ ਲਾਲ ਵੀ ਨਹੀਂ ਹੋਏ। ਇਸ ਧੱਕੇਸ਼ਾਹੀ ਦੇ ਖਿਲਾਫ਼ ਹੀ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ। ਅਸ਼ੋਕ ਬਾਠ ਐਸ.ਐਸ.ਪੀ. ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਜਾਰੀ ਬਿਆਨ ਮੁਤਾਬਕ ਪਟਵਾਰੀ ਸੁਖਦੇਵ ਸਿੰਘ ਦੇ ਕੋਲ ਹਲਕਾ ਜੀਵਨ ਸਿੰਘ ਵਾਲਾ ਅਤੇ ਹਲਕਾ ਕਾਲਝਰਾਨੀ ਦਾ ਚਾਰਜ ਹੈ।

ਕਾਲਝਰਾਨੀ ਹਲਕਾ ਦੇ ਕਿਸਾਨ ਜਸਵੀਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਕਿ ਪਟਵਾਰੀ ਸੁਖਦੇਵ ਸਿੰਘ ਨੇ ਜ਼ਮੀਨ ਦਾ ਤਬਾਦਲਾ ਇੰਤਕਾਲ ਕਰਵਾਉਣ ਦੇ ਬਦਲੇ 2000 ਰੁਪਏ ਰਿਸ਼ਵਤ ਲਈ ਹੈ ਜਦੋਂ ਕਿ 8000 ਰੁਪਏ ਹੋਰ ਮੰਗ ਰਿਹਾ ਹੈ। ਵਿਜੀਲੈਂਸ ਦੀ ਯੋਜਨਾ ਮੁਤਾਬਕ ਅੱਜ ਜਸਵੀਰ ਸਿੰਘ ਸੁਖਦੇਵ ਸਿੰਘ ਦੇ ਕੋਲ ਪਹੁੰਚਿਆ ਅਤੇ ਉਸ ਨੂੰ 8000 ਰੁਪਏ ਰਿਸ਼ਵਤ ਦੇ ਤੌਰ ‘ਤੇ ਦਿਤੇ।

ਇਸ ਦੌਰਾਨ ਵਿਜੀਲੈਂਸ ਦੀ ਟੀਮ ਸਰਕਾਰੀ ਗਵਾਹ ਮੁਤਾਬਕ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਪਟਵਾਰੀ ਸੁਖਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਰਿਸ਼ਵਤ ਦੀ ਰਕਮ ਟੀਮ ਨੂੰ ਜ਼ਮੀਨ ‘ਤੇ ਸੁੱਟੀ ਹੋਈ ਬਰਾਮਦ ਹੋਈ। ਵਿਜੀਲੈਂਸ ਨੇ ਪਟਵਾਰੀ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਵਿਜੀਲੈਂਸ ਟੀਮ ਦੀ ਅਗਵਾਹੀ ਕਰ ਰਹੇ ਡੀ.ਐਸ.ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਪੈਸੇ ਜ਼ਰੂਰ ਉਨ੍ਹਾਂ ਨੇ ਜ਼ਮੀਨ ‘ਤੇ ਪਏ ਬਰਾਮਦ ਕੀਤੇ ਹਨ ਪਰ ਧੱਕੇ ਵਾਲੀ ਕੋਈ ਗੱਲ ਨਹੀਂ ਹੋਈ। ਪਹਿਲਾਂ ਉਸ ਨੇ ਪੈਸੇ ਲੈ ਲਏ ਫਿਰ ਹੇਠਾਂ ਸੁੱਟ ਦਿਤੇ। ਸਰਕਾਰੀ ਗਵਾਹ ਅਤੇ ਪਟਵਾਰੀਆਂ ਦੇ ਸਾਹਮਣੇ ਪਟਵਾਰੀ ਦੇ ਹੱਥ ਧਵਾਏ ਗਏ ਜੋ ਲਾਲ ਹੋ ਗਏ।

Related Stories