ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਤੁਰਤ ਜਾਰੀ ਕਰੇ ਕੇਂਦਰ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਕੇਂਦਰੀ ਦੇ ਸੋਸ਼ਲ ਜਸਟਿਸ ਅਤੇ ਇਮਪਾਵਰਮੈਂਟ ਮੰਤਰੀ ਥਾਵਰ ਚੰਦ ਗਹਿਲੋਤ...

Meeting

ਚੰਡੀਗੜ੍ਹ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਕੇਂਦਰੀ ਦੇ ਸੋਸ਼ਲ ਜਸਟਿਸ ਅਤੇ ਇਮਪਾਵਰਮੈਂਟ ਮੰਤਰੀ ਥਾਵਰ ਚੰਦ ਗਹਿਲੋਤ ਦੇ ਨਾਲ ਨਵੀਂ ਦਿੱਲੀ ਵਿਚ ਬੈਠਕ ਕਰ ਕੇ ਕੇਂਦਰ ਨੂੰ ਅਨਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ 1286 ਕਰੋੜ ਕੇਂਦਰ ਵਲੋਂ ਬਕਾਇਆ ਫੰਡ ਤੁਰਤ ਜਾਰੀ ਕਰਨ ਨੂੰ ਕਿਹਾ ਹੈ, ਕਿਉਂਕਿ ਕੇਂਦਰ ਵਲੋਂ ਕੀਤੀ ਜਾ ਰਹੀ ਇਸ ਦੇਰੀ ਦੇ ਕਾਰਨ ਗਰੀਬ ਵਰਗ ਨਾਲ ਸਬੰਧਿਤ ਪੰਜਾਬ ਦੇ ਵਿਦਿਆਰਥੀਆਂ ਨੂੰ ਸਿੱਖਿਅਕ ਸੰਸਥਾਵਾਂ ਵਿਚ ਦਾਖ਼ਲਾ ਲੈਣ ਦੇ ਲਈ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੇਂਦਰੀ ਮੰਤਰੀ ਨੂੰ ਧਰਮਸੋਤ ਨੇ ਦੱਸਿਆ ਕਿ ਕੇਂਦਰੀ ਮੰਤਰਾਲੇ ਵਲੋਂ ਪੰਜਾਬ ਨੂੰ ਇਹ 1286 ਕਰੋੜ ਰੁਪਏ ਜਾਰੀ ਕਰਨ ਵਿਚ ਪਹਿਲਾਂ ਹੀ ਬਹੁਤ ਦੇਰੀ ਕੀਤੀ ਜਾ ਚੁੱਕੀ ਹੈ। ਕੁੱਲ ਬਕਾਇਆ ਫੰਡਾਂ ਵਿਚੋਂ 719 ਕਰੋੜ ਰੁਪਏ ਵਿੱਤੀ ਸਾਲ 2016-17 ਦੇ ਹਨ ਅਤੇ 567 ਕਰੋੜ ਰੁਪਏ ਵਿੱਤੀ ਸਾਲ 2017-18 ਦੇ ਹਨ, ਜਿਨ੍ਹਾਂ ਨੂੰ ਜਾਰੀ ਕਰਨ ਵਿਚ ਕੇਂਦਰ ਸਰਕਾਰ ਵਲੋਂ ਕੀਤੀ ਜਾ ਰਹੀ ਦੇਰੀ ਦੇ ਕਾਰਨ ਆਰਥਿਕ ਤੌਰ ‘ਤੇ ਕਮਜ਼ੋਰ ਪਰਵਾਰ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਲੈਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ।

ਉਨ੍ਹਾਂ ਨੇ ਗਹਿਲੋਤ ਨੂੰ ਬਿਨਾਂ ਕਿਸੇ ਦੇਰੀ ਤੋਂ ਇਹ ਫੰਡ ਜਾਰੀ ਕਰਨ ਲਈ ਕਿਹਾ ਹੈ। ਪੰਜਾਬ ਸਰਕਾਰ ਵਲੋਂ ਪਹਿਲਾਂ ਜਾਰੀ ਕੀਤੀ ਗਈ 327 ਕਰੋੜ ਰੁਪਏ ਦੇ ਉਪਯੋਗਤਾ ਪ੍ਰਮਾਣ ਪੱਤਰ ਪਹਿਲਾਂ ਹੀ ਕੇਂਦਰ ਮੰਤਰਾਲੇ ਨੂੰ ਦਿਤੇ ਜਾ ਚੁੱਕੇ ਹਨ। ਧਰਮਸੋਤ ਨੇ ਸਾਂਪਲਾ ‘ਤੇ ਮੰਤਰਾਲੇ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਦੋਂ ਪੰਜਾਬ ਸਰਕਾਰ ਵਲੋਂ ਪਹਿਲਾਂ ਜਾਰੀ ਕੀਤੇ ਗਏ 327 ਕਰੋੜ ਰੁਪਏ ਦੇ ਫੰਡਾਂ ਦੇ ਪ੍ਰਯੋਗ ਸਬੰਧਿਤ ਸਰਟੀਫਿਕੇਟ ਮਹੱਈਆ ਕਰਵਾ ਦਿਤਾ ਗਿਆ ਹੈ

ਤਾਂ ਸਾਂਪਲਾ ਨੂੰ ਅਜਿਹੇ ਬੇਬੁਨਿਆਦੀ ਬਿਆਨ ਦੇਣ ਤੋਂ ਪਹਿਲਾਂ ਅਪਣੇ ਮੰਤਰਾਲੇ ਦੇ ਨਾਲ ਤਾਲਮੇਲ ਕਰਕੇ ਤੱਥਾਂ ਨੂੰ ਚੈੱਕ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਂਪਲਾ ਅਜਿਹਾ ਕਰਕੇ ਮੰਤਰਾਲੇ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹੇ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਜਿਸ ਨਾਲ ਪੰਜਾਬ ਦੇ ਲੱਖਾਂ ਗਰੀਬਾਂ ਵਿਦਿਆਰਥੀਆਂ ਦਾ ਭਵਿੱਖ ਜੁੜਿਆ ਹੋਵੇ।

Related Stories