ਦੇਸ਼-ਕੌਮ ਦਾ ਨਾਂਅ ਰੌਸ਼ਨ ਕਰਨ ਵਾਲੇ ਪੰਜਾਬੀ, ਵਿਸ਼ਵ ਭਰ 'ਚ ਵੱਜਦੈ ਇਨ੍ਹਾਂ ਪੰਜਾਬੀਆਂ ਦਾ ਡੰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੇ ਅਪਣੀ ਮਿਹਨਤ ਸਦਕਾ ਅਜਿਹੀਆਂ ਮੱਲਾਂ ਮਾਰੀਆਂ ਹਨ, ਜਿਸ ਨਾਲ ਭਾਰਤ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ। ਅੱਜ ਅਸੀਂ ਕੁੱਝ...

Harjit Singh Sajjan

ਚੰਡੀਗੜ੍ਹ : ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੇ ਅਪਣੀ ਮਿਹਨਤ ਸਦਕਾ ਅਜਿਹੀਆਂ ਮੱਲਾਂ ਮਾਰੀਆਂ ਹਨ, ਜਿਸ ਨਾਲ ਭਾਰਤ ਦੇਸ਼ ਦਾ ਨਾਮ ਰੌਸ਼ਨ ਹੋਇਆ ਹੈ। ਅੱਜ ਅਸੀਂ ਕੁੱਝ ਅਜਿਹੇ ਹੀ ਪੰਜਾਬੀਆਂ ਦੀ ਚਰਚਾ ਕਰਾਂਗੇ, ਜਿਨ੍ਹਾਂ ਨੇ ਅਪਣੀ ਮਿਹਨਤ ਸਦਕਾ ਵਿਸ਼ਵ ਭਰ ਵਿਚ ਨਾਮ ਕਮਾਇਆ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਹਰਜੀਤ ਸਿੰਘ ਸੱਜਣ ਦਾ, ਜੋ ਇਸ ਸਮੇਂ ਕੈਨੇਡਾ ਦੇ ਰੱਖਿਆ ਮੰਤਰੀ ਹਨ। ਸੱਜਣ ਨੇ 2015 ਦੀ ਫੈਡਰਲ ਚੋਣ ਵਿਚ ਕੰਜ਼ਰਵੇਟਿਵ ਸੰਸਦ ਮੈਂਬਰ ਵੇਈ ਯੰਗ ਨੂੰ ਹਰਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 4 ਨਵੰਬਰ 2015 ਨੂੰ ਕੈਨੇਡਾ ਦੇ ਰੱਖਿਆ ਮੰਤਰੀ ਵਜੋਂ ਸਹੁੰ ਚੁੱਕੀ।

ਹਰਜੀਤ ਸਿੰਘ ਸੱਜਣ ਇਸ ਅਹਿਮ ਅਹੁਦੇ 'ਤੇ ਪਹੁੰਚਣ ਵਾਲੇ ਪਹਿਲੇ ਭਾਰਤੀ-ਪੰਜਾਬੀ ਹਨ। ਇਸ ਤੋਂ ਪਹਿਲਾਂ ਉਹ ਵੈਨਕੂਵਰ ਪੁਲਿਸ ਵਿਚ ਗੈਂਗਾਂ ਦੀ ਪੜਤਾਲ ਕਰਨ ਵਾਲੇ ਡਿਟੈਕਟਿਵ ਵਜੋਂ ਵੀ ਅਪਣੀਆਂ ਸੇਵਾਵਾਂ ਦੇ ਚੁੱਕੇ ਹਨ, ਉਨ੍ਹਾਂ ਦੀ ਇਕ ਹੋਰ ਮਾਣਮੱਤੀ ਪ੍ਰਾਪਤੀ ਇਹ ਵੀ ਹੈ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ ਵਿਚ ਆਰਮਡ ਫੋਰਸਿਜ਼ ਕਮਾਂਡਰ ਵਜੋਂ ਸੇਵਾ ਨਿਭਾਈ ਸੀ। ਇਸ ਤੋਂ ਬਾਅਦ ਡਾ. ਐਸਪੀ ਸਿੰਘ ਓਬਰਾਏ ਦਾ ਨਾਮ ਆਉਂਦਾ ਹੈ। ਡਾਕਟਰ ਓਬਰਾਏ ਦੁਬਈ ਦੇ ਵੱਡੇ ਕਾਰੋਬਾਰੀ ਹਨ, ਜਿਨ੍ਹਾਂ ਨੂੰ ਵਿਸ਼ਵ ਭਰ ਵਿਚ ਉੱਘੇ ਸਮਾਜ ਸੇਵੀ ਸਿੱਖ ਸਿਹਰੇ ਵਜੋਂ ਜਾਣਿਆ ਜਾਂਦਾ ਹੈ।

ਓਬਰਾਏ ਦੀ ਸਭ ਤੋਂ ਵੱਡੀ ਦੇਣ ਇਹ ਮੰਨੀ ਜਾਂਦੀ ਹੈ ਕਿ ਉਨ੍ਹਾਂ ਨੇ ਅਰਬ ਦੇਸ਼ਾਂ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਕਰ ਚੁੱਕੇ ਪੰਜਾਬੀਆਂ ਨੂੰ ਅਪਣੇ ਕੋਲੋਂ ਬਲੱਡ ਮਨੀ ਦੇ ਕੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਕਰਵਾਈ ਅਤੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਂਦਾ ਸੀ। ਉਨ੍ਹਾਂ ਨੇ 58 ਭਾਰਤੀਆਂ ਦੀ ਰਿਹਾਈ ਲਈ ਲਗਭਗ 1.8 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ। ਉਨ੍ਹਾਂ 800 ਤੋਂ ਜ਼ਿਆਦਾ ਕੈਦੀਆਂ ਦੀ ਏਅਰ ਟਿਕਟ ਦੀ ਵੀ ਭੁਗਤਾਨ ਕੀਤਾ। ਫਾਂਸੀ ਜ਼ਾਬਤਾ 10 ਪੰਜਾਬੀਆਂ ਦੀ ਰਿਹਾਈ ਲਈ 9 ਕਰੋੜ ਰੁਪਏ ਦੀ ਬਲੱਡ ਮਨੀ ਦਿਤੀ ਸੀ।

ਇਸ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਪੋਰਟਸ ਸਾਇੰਸ ਵਿਭਾਗ ਵਿਚ ਗੱਤਕਾ ਕੋਰਸ ਦੇ ਸਾਰੇ ਵਿਦਿਆਰਥੀਆਂ ਦੀ ਫੀਸ ਉਨ੍ਹਾਂ ਦੇ ਟਰੱਸਟ ਵਲੋਂ ਹੀ ਭਰੀ ਜਾਂਦੀ ਹੈ। ਡਾਕਟਰ ਓਬਰਾਏ ਨੇ 1975 ਵਿਚ ਪਾਂਡੋਹੋਮ, ਹਿਮਾਚਲ ਪ੍ਰਦੇਸ਼ ਵਿਚ ਇੰਜਣ ਮੈਕੇਨਿਕ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਸੀ, ਪਰ 1977 ਵਿਚ ਉਹ ਮੈਕੇਨਿਕ ਵਜੋਂ ਦੁਬਈ ਆਏ। 4 ਸਾਲ ਮਗਰੋਂ ਭਾਰਤ ਵਾਪਸ ਆ ਕੇ ਖ਼ੁਦ ਦੀ ਇਕ ਸਪਲਾਈ ਅਤੇ ਕੰਸ਼ਟਰੱਕਸ਼ਨ ਕੰਪਨੀ ''ਪ੍ਰੀਤਮ ਸਿੰਘ ਐਂਡ ਸੰਨਜ਼'' ਸ਼ੁਰੂ ਕੀਤੀ। ਜਿਸ ਨੇ ਇਲਾਕੇ ਵਿਚ ਕਈ ਪ੍ਰੋਜੈਕਟ ਸਫ਼ਲਤਾਪੂਰਵਕ ਪੂਰੇ ਕੀਤੇ।

1993 ਵਿਚ ਉਹ ਦੁਬਾਰਾ ਦੁਬਈ ਚਲੇ ਗਏ ਅਤੇ 1996 ਵਿਚ ਅਪੈਕਸ ਇੰਟਰਨੈਸ਼ਨਲ ਕੰਸ਼ਟਰੱਕਸ਼ਨ, 1998 ਵਿਚ ਦੁਬਈ ਗ੍ਰੈਂਡ ਹੋਟਲ ਅਤੇ 2004 ਵਿਚ ਓਬਰਾਏ ਪ੍ਰਾਪਰਟੀਜ਼ ਐਂਡ ਇਨਵੈਸਟਮੈਂਟਸ ਕੰਪਨੀ ਸਥਾਪਿਤ ਕੀਤੀ। ਵਿਸ਼ਵ ਭਰ 'ਚ ਵੱਡਾ ਮਾਣ ਹਾਸਲ ਕਰਨ ਵਾਲੇ ਰਵੀ ਸਿੰਘ ਖ਼ਾਲਸਾ ਵੀ ਕਿਸੇ ਜਾਣ ਪਛਾਣ ਦੀ ਮੁਥਾਜ਼ ਨਹੀਂ, ਉਨ੍ਹਾਂ ਨੂੰ ਵਿਸ਼ਵ ਭਰ ਵਿਚ ਸੱਚੇ ਗੁਰਸਿੱਖ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਪੂਰੀ ਦੁਨੀਆਂ ਵਿਚ ਸਿੱਖ ਭਾਈਚਾਰੇ ਦਾ ਮਾਣ-ਸਤਿਕਾਰ ਵਧਾਇਆ ਹੈ। ਉਨ੍ਹਾਂ ਵਲੋਂ ਬਣਾਈ 'ਖ਼ਾਲਸਾ ਏਡ' ਕੌਮਾਂਤਰੀ ਸੰਸਥਾ ਹੈ ਜੋ ਬਿਨਾਂ ਕਿਸੇ ਮੁਨਾਫ਼ੇ ਦੇ ਵਿਸ਼ਵ ਭਰ ਵਿਚ ਨਿਰਸਵਾਰਥ ਸੇਵਾ ਕਰਦੀ ਹੈ।

ਇਹ ਬਰਤਾਨਵੀ ਰਜਿਸਟਰਡ ਚੈਰਿਟੀ 1999 ਵਿਚ ਸਥਾਪਿਤ ਕੀਤੀ ਗਈ ਸੀ ਅਤੇ ਬਰਤਾਨਵੀ ਚੈਰਿਟੀ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੈ। ਇਹ ਸੰਸਥਾ ਨਿਰਸਵਾਰਥ, ਉਤਰੀ ਅਮਰੀਕਾ ਅਤੇ ਏਸ਼ੀਆ ਤੋਂ ਇਲਾਵਾ ਕਈ ਦੇਸ਼ਾਂ ਵਿਚ ਸੇਵਾ ਕਰ ਰਹੀ ਹੈ। ਖ਼ਾਲਸਾ ਏਡ ਨੇ ਦੁਨੀਆ ਭਰ ਵਿਚ ਤਬਾਹੀ, ਯੁੱਧ ਅਤੇ ਹੋਰ ਕੁਦਰਤੀ ਆਫ਼ਤਾਂ ਸਮੇਂ ਪੀੜਤ ਲੋਕਾਂ ਨੂੰ ਮਦਦ ਪਹੁੰਚਾਈ ਹੈ। ਇਸ ਤੋਂ ਬਾਅਦ ਸੁੱਖੀ ਬਾਠ ਦਾ ਨਾਮ ਵੀ ਵੱਡੇ ਸਮਾਜ ਸੇਵੀ ਸੇਵੀਆਂ ਦੀ ਕਤਾਰ ਵਿਚ ਆਉਂਦਾ ਹੈ।

ਸੁੱਖੀ ਬਾਠ ਕੈਨੇਡਾ ਦੇ ਰਹਿਣ ਵਾਲੀ ਪ੍ਰਵਾਸੀ ਭਾਰਤੀ ਹਨ, ਜੋ ਜਲੰਧਰ ਦੇ ਪਿੰਡ ਹਰਦੋਫਰੋਲਾ ਵਿਚ ਗ਼ਰੀਬ ਕਿਸਾਨ ਅਰਜਨ ਸਿੰਘ ਬਾਠ ਦੇ ਘਰ ਪੈਦਾ ਹੋਏ। ਉਹ ਅਪਣੇ ਪਰਿਵਾਰ ਵਿਚ ਅੱਠ ਭੈਣਾਂ ਦੇ ਇਕਲੌਤੇ ਭਰਾ ਹਨ। 1978 ਵਿਚ ਉਹ ਬੀਏ ਦੀ ਪੜ੍ਹਾਈ ਛੱਡ ਕੇ ਕੈਨੇਡਾ ਚਲੇ ਗਏ। ਜਿੱਥੇ 3 ਸਾਲ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ। ਕਈ ਮਹੀਨੇ ਉਹ ਸੇਵਾ ਕਰਕੇ ਗੁਰਦੁਆਰਾ ਸਾਹਿਬ 'ਚ ਸੌਂਦੇ ਰਹੇ, 1981 ਵਿਚ ਉਹ ਇਕ ਕਾਰ ਕੰਪਨੀ ਵਿਚ ਕੰਮ ਕਰਨ ਲੱਗੇ। ਅਪਣੀ ਮਿਹਨਤ ਸਦਕਾ ਉਹ ਜਨਰਲ ਮੈਨੇਜਰ ਦੇ ਅਹੁਦੇ ਤਕ ਪਹੁੰਚ ਗਏ। 1991 ਵਿਚ ਉਨ੍ਹਾਂ ਨੇ ਅਪਣੀ ਖ਼ੁਦ ਦੀ 'ਸੁੱਖੀ ਮੋਟਰ ਕੰਪਨੀ' ਬਣਾਈ।

ਇਸ ਵੇਲੇ ਸੁੱਖੀ ਬਾਠ 5 ਕੰਪਨੀਆਂ ਦੇ ਮਾਲਕ ਹਨ, ਜਿਨ੍ਹਾਂ ਦਾ ਸਾਲਾਨਾ ਕਾਰੋਬਾਰ ਲੱਖਾਂ ਡਾਲਰਾਂ ਵਿਚ ਹੈ। 1994 ਵਿਚ ਉਨ੍ਹਾਂ ਨੇ ਸੁੱਖੀ ਬਾਠ ਫਾਊਂਡੇਸ਼ਨ ਨਾਂਅ ਦੀ ਸੰਸਥਾ ਬਣਾਈ ਅਤੇ ਕਈ ਦਾਨੀ ਕੰਮ ਸ਼ੁਰੂ ਕੀਤੇ। ਉਨ੍ਹਾਂ ਦੀ ਸੰਸਥਾ ਵਲੋਂ ਗ਼ਰੀਬ ਲੜਕੀਆਂ ਦੇ ਵਿਆਹ, ਅੱਖਾਂ ਦੇ ਮੁਫ਼ਤ ਕੈਂਪ, ਲੋੜਵੰਦਾਂ ਨੂੰ ਨਕਲੀ ਅੰਗ ਲਗਾਉਣੇ, ਵਤਨ ਛੱਡ ਕੇ ਪ੍ਰਵਾਸ ਕਰਨ ਵਾਲੇ ਨੌਜਵਾਨਾਂ ਦੀ ਮਦਦ ਕਰਨੀ ਆਦਿ ਕੰਮ ਕੀਤੇ ਜਾ ਰਹੇ ਹਨ। ਹੁਣ ਉਨ੍ਹਾਂ ਵਲੋਂ ਪੰਜਾਬ ਦੇ ਸਕੂਲਾਂ ਦੀ ਹਾਲਤ ਸੁਧਾਰਨ ਲਈ ਵੀ ਕਈ ਉਪਰਾਲੇ ਕਰਨ ਦੀ ਮੁਹਿੰਮ ਵਿੱਢੀ ਗਈ ਹੈ।

ਵਿਦੇਸ਼ਾਂ ਵਿਚ ਰਹਿਣ ਵਾਲੇ ਇਹ ਪੰਜਾਬੀ ਅਪਣੇ ਵਿਸ਼ੇਸ਼ ਕਾਰਜਾਂ ਸਦਕਾ ਪੰਜਾਬ ਦਾ ਹੀ ਨਹੀਂ ਬਲਕਿ ਭਾਰਤ ਦੇਸ਼ ਦਾ ਨਾਮ ਵਿਸ਼ਵ ਭਰ ਵਿਚ ਰੌਸ਼ਨ ਕਰ ਰਹੇ ਹਨ। ਸਾਨੂੰ ਅਪਣੇ ਇਨ੍ਹਾਂ ਪੰਜਾਬੀ ਵੀਰਾਂ 'ਤੇ ਮਾਣ ਹੈ।