Punjab News: ਪੰਜਾਬੀ ਨੌਜਵਾਨ ਪਨਾਮਾ ਦੇ ਜੰਗਲਾਂ 'ਚ ਲਾਪਤਾ; ਇਕ ਮਹੀਨੇ ਤੋਂ ਨਹੀਂ ਹੋਈ ਪ੍ਰਵਾਰ ਦੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏਜੰਟਾਂ ਨੇ ਅਮਰੀਕਾ ਭੇਜਣ ਲਈ 45 ਵਿਚ ਹੋਇਆ ਸੀ ਸਮਝੌਤਾ

Punjabi youth missing in jungles of Panama

Punjab News: ਵਿਦੇਸ਼ ਜਾਣ ਦੀ ਲਾਲਸਾ 'ਚ ਕਈ ਨੌਜਵਾਨ ਅਕਸਰ ਅਪਣੇ ਸੁਪਨੇ ਪੂਰੇ ਕਰਨ ਲਈ ਗਲਤ ਰਾਹ ਚੁਣ ਲੈਂਦੇ ਹਨ। ਇਨ੍ਹੀਂ ਦਿਨੀਂ ਟ੍ਰੈਵਲ ਏਜੰਟਾਂ ਵਲੋਂ ਨੌਜਵਾਨਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਠੱਗਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਅਜਿਹਾ ਹੀ ਇਕ ਮਾਮਲਾ ਪਠਾਨਕੋਟ 'ਚ ਵੀ ਦੇਖਣ ਨੂੰ ਮਿਲਿਆ। ਇਥੋਂ ਦਾ ਇਕ ਨੌਜਵਾਨ ਜਗਮੀਤ ਸਿੰਘ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ ਪਰ ਪਨਾਮਾ ਦੇ ਜੰਗਲਾਂ ਵਿਚ ਹੀ ਗੁੰਮ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਦੀ ਇਕ ਮਹੀਨੇ ਤੋਂ ਅਪਣੇ ਪ੍ਰਵਾਰ ਨਾਲ ਕੋਈ ਗੱਲ ਨਹੀਂ ਹੋਈ। ਇਸ ਮਗਰੋਂ ਪ੍ਰਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਚਲਦਿਆਂ ਪਠਾਨਕੋਟ ਪੁਲਿਸ ਨੇ ਦੋ ਲੋਕਾਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਦੇ ਲੜਕੇ ਨੇ ਐੱਮ.ਬੀ.ਏ. ਕੀਤੀ ਹੋਈ ਸੀ ਪਰ ਉਹ ਅਮਰੀਕਾ ਜਾਣਾ ਚਾਹੁੰਦਾ ਸੀ। ਇਸ ਦੇ ਲਈ ਏਜੰਟ ਨਾਲ 45 ਲੱਖ ਰੁਪਏ ਵਿਚ ਗੱਲ ਹੋਈ ਸੀ ਅਤੇ ਉਨ੍ਹਾਂ ਨੇ 15 ਦਿਨ ਵਿਚ ਨੌਜਵਾਨ ਨੂੰ ਅਮਰੀਕਾ ਪਹੁੰਚਾਉਣ ਦਾ ਦਾਅਵਾ ਕੀਤਾ ਸੀ। ਅਜੇ ਏਜੰਟ ਨੂੰ 15 ਲੱਖ ਰੁਪਏ ਨਕਦ ਦਿਤੇ ਗਏ ਸਨ। ਪ੍ਰਵਾਰ ਨੇ ਦਸਿਆ ਕਿ ਨੌਜਵਾਨ ਦੀ ਆਖਰੀ ਲੋਕੇਸ਼ਨ ਕੋਲੰਬੀਆ ਦੀ ਟਰੇਸ ਹੋਈ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਸ ਤੋਂ ਅੱਗੇ ਪਨਾਮਾ ਦੇ ਜੰਗਲ ਹਨ ਤਾਂ ਉਨ੍ਹਾਂ ਨੇ ਏਜੰਟ ਨਾਲ ਗੱਲ ਕੀਤੀ ਕਿ ਉਸ ਨੂੰ ਇਸ ਰਾਹ ਜ਼ਰੀਏ ਨਾ ਭੇਜਿਆ ਜਾਵੇ। ਇਸ ਤੋਂ ਬਾਅਦ ਨੌਜਵਾਨ ਪਨਾਮਾ ਦੇ ਜੰਗਲਾਂ ਵਿਚ ਗੁੰਮ ਹੋ ਗਿਆ। 19 ਦਸੰਬਰ 2023 ਤੋਂ ਬਾਅਦ ਜਗਮੀਤ ਦੀ ਪ੍ਰਵਾਰ ਨਾਲ ਗੱਲ ਨਹੀਂ ਹੋਈ।

 

ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਪੀੜਤ ਪ੍ਰਵਾਰ ਨੇ ਕਿਹਾ ਕਿ ਉਹ ਵਿਦੇਸ਼ ਜਾਣ ਦੇ ਨਾਂਅ 'ਤੇ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਅਤੇ ਅਪਣੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਕਰਨ। ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿਤਾ ਕਿ ਵਿਦੇਸ਼ ਜਾਣ ਦੀ ਬਜਾਏ ਅਪਣੀ ਧਰਤੀ ਉਤੇ ਰਹਿ ਕੇ ਮਿਹਨਤ ਕੀਤੀ ਜਾਵੇ।  

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸਿਟੀ ਸ਼ਮੀਰ ਸਿੰਘ ਨੇ ਦਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਸੀ ਕਿ ਇਕ ਨੌਜਵਾਨ ਨੂੰ ਟ੍ਰੈਵਲ ਏਜੰਟ ਵਲੋਂ ਡੌਂਕੀ ਜ਼ਰੀਏ ਅਮਰੀਕਾ ਭੇਜਿਆ ਗਿਆ ਹੈ ਅਤੇ ਇਹ ਨੌਜਵਾਨ ਪਨਾਮਾ ਦੇ ਜੰਗਲਾਂ ਵਿਚ ਗੁੰਮ ਹੋ ਗਿਆ ਹੈ। ਪ੍ਰਵਾਰ ਦੀ ਸ਼ਿਕਾਇਤ ਮਗਰੋਂ ਏਜੰਟ ਪਰਮਿੰਦਰ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੋਹਾਂ ਵਿਰੁਧ ਧਾਰਾ 346, 420 ਅਤੇ ਇੰਮੀਗ੍ਰੇਸ਼ਨ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

 (For more Punjabi news apart from Punjabi youth missing in jungles of Panama, stay tuned to Rozana Spokesman)