Uri attack News: ਉੜੀ ਹਮਲੇ ਦੀ ਸਾਜ਼ਸ਼ ਵਿਚ ਸ਼ਾਮਲ ਸੀ ISI, ਅਮਰੀਕਾ ਨੇ ਨਵਾਜ਼ ਸ਼ਰੀਫ਼ ਨੂੰ ਦਿਖਾਏ ਸੀ ਸਬੂਤ: ਸਾਬਕਾ ਡਿਪਲੋਮੈਟ

ਏਜੰਸੀ

ਖ਼ਬਰਾਂ, ਖੇਡਾਂ

ਉੜੀ ਹਮਲੇ 'ਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋ ਗਏ ਸਨ।

US confronted Pakistan on ISI’s role in Uri attack: Ex-envoy

Uri attack News: 2016 'ਚ ਉੜੀ 'ਚ ਭਾਰਤੀ ਫੌਜ ਦੇ ਬੇਸ 'ਤੇ ਅਤਿਵਾਦੀ ਹਮਲੇ ਦੀ ਸਾਜ਼ਸ਼ 'ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਸ਼ਾਮਲ ਸੀ। ਸਾਬਕਾ ਡਿਪਲੋਮੈਟ ਅਜੈ ਬਿਸਾਰੀਆ ਦੀ ਨਵੀਂ ਕਿਤਾਬ 'ਐਂਗਰ ਮੈਨੇਜਮੈਂਟ' 'ਚ ਇਹ ਖੁਲਾਸਾ ਹੋਇਆ ਹੈ। ਉੜੀ ਹਮਲੇ 'ਚ ਭਾਰਤੀ ਫੌਜ ਦੇ 19 ਜਵਾਨ ਸ਼ਹੀਦ ਹੋ ਗਏ ਸਨ।

ਕਿਤਾਬ ਮੁਤਾਬਕ ਹਮਲੇ ਤੋਂ ਤੁਰੰਤ ਬਾਅਦ ਅਮਰੀਕਾ ਨੇ ਪਾਕਿਸਤਾਨ ਨੂੰ ਇਸ ਵਿਚ ਆਈਐਸਆਈ ਦੀ ਭੂਮਿਕਾ ਬਾਰੇ ਸਬੂਤ ਸੌਂਪੇ ਸਨ। ਸਤੰਬਰ 2016 ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਨੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਸ ਨੇ ਇਕ ਫਾਈਲ ਸੌਂਪੀ ਜਿਸ ਵਿਚ ਕਈ ਹੋਰ ਗੱਲਾਂ ਤੋਂ ਇਲਾਵਾ ਇਹ ਵੀ ਸਬੂਤ ਸਨ ਕਿ ਇਹ ਹਮਲਾ ਆਈਐਸਆਈ ਦੀ ਮਿਲੀਭੁਗਤ ਨਾਲ ਹੋਇਆ ਹੈ।

ਕਿਤਾਬ ਅਨੁਸਾਰ ਅਮਰੀਕੀ ਰਾਜਦੂਤ ਦੁਆਰਾ ਪੇਸ਼ ਕੀਤੇ ਗਏ ਸਬੂਤ ਇੰਨੇ ਭਰੋਸੇਯੋਗ ਸਨ ਕਿ ਇਸ ਨੇ ਸ਼ਰੀਫ ਨੂੰ ਪਾਕਿਸਤਾਨੀ ਫੌਜ ਦਾ ਸਾਹਮਣਾ ਕਰਨ ਲਈ ਉਕਸਾਇਆ। ਇਸ ਤੋਂ ਬਾਅਦ ਤੇਜ਼ੀ ਨਾਲ ਘਟਨਾਵਾਂ ਦੀ ਇਕ ਲੜੀ ਵਾਪਰੀ ਅਤੇ 2017 ਵਿਚ ਪੀਐਮਐਲ-ਐਨ ਪਾਰਟੀ ਦੇ ਮੁਖੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿਤਾ ਗਿਆ। ਆਖਰਕਾਰ ਸ਼ਰੀਫ ਨੂੰ 2018 ਵਿਚ ਸਵੈ-ਜਲਾਵਤ ਵਿਚ ਜਾਣ ਲਈ ਮਜਬੂਰ ਹੋਣਾ ਪਿਆ। ਇਹ ਕਿਤਾਬ ਕਈ ਨਵੀਆਂ ਗੱਲਾਂ ਦੱਸਦੀ ਹੈ ਕਿ ਉੜੀ ਹਮਲੇ ਤੋਂ ਬਾਅਦ ਅਮਰੀਕਾ ਨੇ ਕੀ ਭੂਮਿਕਾ ਨਿਭਾਈ। ਹਾਲਾਂਕਿ ਬਿਸਾਰੀਆ ਨੇ ਕਿਤਾਬ 'ਚ ਪਾਕਿਸਤਾਨ 'ਚ ਅਮਰੀਕੀ ਰਾਜਦੂਤ ਦਾ ਨਾਂਅ ਨਹੀਂ ਲਿਖਿਆ ਹੈ, ਜਿਸ ਨੇ ਸ਼ਰੀਫ ਨਾਲ ਮੁਲਾਕਾਤ ਕੀਤੀ ਸੀ। ਦੱਸ ਦੇਈਏ ਕਿ ਉਸ ਸਮੇਂ ਇਹ ਅਹੁਦਾ ਡੇਵਿਡ ਹੇਲ ਕੋਲ ਸੀ।

ਜਨਵਰੀ 2016 'ਚ ਪਠਾਨਕੋਟ 'ਚ ਭਾਰਤੀ ਹਵਾਈ ਫੌਜ ਦੇ ਬੇਸ 'ਤੇ ਅਤਿਵਾਦੀ ਹਮਲਾ ਹੋਇਆ ਸੀ। ਇਸ ਦੇ ਲਈ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਸ ਤੋਂ ਪਹਿਲਾਂ ਭਾਰਤ ਪਾਕਿਸਤਾਨ ਨਾਲ ਸਬੰਧ ਸਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਨਵਾਜ਼ ਸ਼ਰੀਫ਼ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਸੀ। 2015 'ਚ ਉਹ ਸ਼ਰੀਫ ਦੀ ਪੋਤੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਲਾਹੌਰ ਗਏ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਿਤਾਬ ਵਿਚ ਲਿਖਿਆ ਗਿਆ ਹੈ ਕਿ ਉੜੀ ਹਮਲੇ ਵਿਚ ਆਈਐਸਆਈ ਦੀ ਭੂਮਿਕਾ ਬਾਰੇ ਅਮਰੀਕਾ ਵਲੋਂ ਦਿਤੀ ਗਈ ਜਾਣਕਾਰੀ ਤੋਂ ਸ਼ਰੀਫ਼ ਨਿਰਾਸ਼ ਸਨ। ਉਨ੍ਹਾਂ ਨੇ ਇਸ ਮਾਮਲੇ 'ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਦਫਤਰ 'ਚ ਨਾਗਰਿਕ ਅਤੇ ਫੌਜੀ ਨੇਤਾਵਾਂ ਦੀ ਬੈਠਕ ਬੁਲਾਈ ਸੀ।

ਪਠਾਨਕੋਟ ਹਮਲੇ ਦੀ ਜਾਂਚ ਤੋਂ ਬਾਅਦ ਜੈਸ਼-ਏ-ਮੁਹੰਮਦ ਵਿਰੁਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਅਖਬਾਰ ਡਾਨ ਨੇ ਪਹਿਲੀ ਵਾਰ ਅਕਤੂਬਰ 2016 ਵਿਚ ਇਸ ਮੁਲਾਕਾਤ ਬਾਰੇ ਰੀਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ, ਜਿਸ ਨੂੰ 'ਡੋਂਗੇਟ' ਕਿਹਾ ਜਾਣ ਲੱਗਾ। ਬਿਸਾਰੀਆ ਲਿਖਦੇ ਹਨ, 'ਨਾਰਾਜ਼ ਅਤੇ ਸ਼ਰਮਿੰਦਾ ਪਾਕਿਸਤਾਨੀ ਫੌਜ ਨੇ ਇਸ ਨੂੰ ਇਕ ਮੋੜ ਦੇ ਰੂਪ ਵਿਚ ਦੇਖਿਆ। ਜਿਵੇਂ ਕੋਈ ਨਾਗਰਿਕ ਕਿਸ਼ਤੀ ਨੂੰ ਹਿਲਾ ਰਿਹਾ ਸੀ ਅਤੇ ਅਤਿਵਾਦੀਆਂ ਨੂੰ ਗੁਆਂਢ ਵਿਚ ਭੇਜਣ ਦੀ ਸੋਚੀ ਸਮਝੀ ਨੀਤੀ 'ਤੇ ਸਵਾਲ ਉਠਾ ਰਿਹਾ ਹੋਵੇ’।

 (For more Punjabi news apart from US confronted Pakistan on ISI’s role in Uri attack: Ex-envoy, stay tuned to Rozana Spokesman)