ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਭਲਕੇ ਹੋਵੇਗਾ ਸ਼ੁਰੂ
12 ਫਰਵਰੀ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸਰਕਾਰ ਲਈ ਖ਼ਾਸ ਮੁਸ਼ਕਿਲਾਂ ਨਜ਼ਰ ਨਹੀਂ ਆ ਰਹੀਆਂ ਹਨ ਕਿਉਂਕਿ ਸੈਸ਼ਨ ਤੋਂ ਪਹਿਲਾਂ...
ਚੰਡੀਗੜ੍ਹ : 12 ਫਰਵਰੀ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸਰਕਾਰ ਲਈ ਖ਼ਾਸ ਮੁਸ਼ਕਿਲਾਂ ਨਜ਼ਰ ਨਹੀਂ ਆ ਰਹੀਆਂ ਹਨ ਕਿਉਂਕਿ ਸੈਸ਼ਨ ਤੋਂ ਪਹਿਲਾਂ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਖੇਰੂ-ਖੇਰੂੰ ਹੋ ਚੁੱਕੀ ਹੈ। ਜਿਸ ਦਾ ਫ਼ਾਇਦਾ ਸਰਕਾਰ ਆਸਾਨੀ ਨਾਲ ਚੁੱਕੇਗੀ। ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਦੋਵਾਂ ਗੁੱਟਾਂ ਵਿਚ ਸਮਝੌਤੇ ਦੇ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਹਨ। ਆਪ ਦੀ ਪ੍ਰਦੇਸ਼ ਅਗਵਾਈ ਨੇ ਅੰਦਰ ਖ਼ਾਤੇ ਤੈਅ ਕਰ ਲਿਆ ਹੈ ਕਿ ਬਾਗੀ ਸੁਖਪਾਲ ਖਹਿਰਾ ਗੁੱਟ ਦੇ ਛੇ ਵਿਧਾਇਕਾਂ ਦੇ ਨਾਲ ਗੱਲਬਾਤ ਦੀ ਕੋਈ ਪਹਿਲ ਨਹੀਂ ਕਰੇਗੀ।
ਅਜਿਹੇ ਵਿਚ ਤੈਅ ਹੈ ਕਿ ਆਪ ਦੇ ਕੋਟੇ ਵਿਚੋਂ ਉਨ੍ਹਾਂ ਵਿਧਾਇਕਾਂ ਨੂੰ ਬੋਲਣ ਦਾ ਸਮਾਂ ਵੀ ਨਹੀਂ ਦਿਤਾ ਜਾਵੇਗਾ। ਜੇਕਰ ਉਹ ਵਿਧਾਇਕ ਖ਼ੁਦ ਆਪ ਨੇਤਾ ਵਿਰੋਧੀ ਧੜਾ ਹਰਪਾਲ ਚੀਮਾ ਨੂੰ ਅਪਣੇ ਮੁੱਦੇ ਦੱਸ ਕੇ ਬੋਲਣ ਦਾ ਸਮਾਂ ਮੰਗਦੇ ਹਨ ਤਾਂ ਦਿਤਾ ਜਾ ਸਕਦਾ ਹੈ ਪਰ ਇਸ ਦੀ ਉਮੀਦ ਨਹੀਂ ਹੈ। ਅਜਿਹੇ ਵਿਚ ਆਪ ਵਿਧਾਇਕ ਪਿਛਲੇ ਸੈਸ਼ਨ ਦੀ ਤਰ੍ਹਾਂ ਦੋ ਗੁਟਾਂ ਵਿਚ ਹੀ ਵੰਡੇ ਹੋਏ ਨਜ਼ਰ ਆਉਣਗੇ। ਆਪ ਲਈ ਦੂਜੀ ਸਮੱਸਿਆ ਹੈ ਕਿ ਸੈਸ਼ਨ ਵਿਚ ਉਸ ਦੇ ਦੋ ਫਾਇਰ ਬਰਾਂਡ ਸਪੀਕਰ ਅਮਨ ਅਰੋੜਾ ਅਤੇ ਬਲਜਿੰਦਰ ਕੌਰ ਗ਼ੈਰ ਹਾਜ਼ਰ ਰਹਿਣਗੇ।
ਅਮਨ ਅਰੋੜਾ 16-17 ਫਰਵਰੀ ਨੂੰ ਹੋਣ ਵਾਲੀ ਹਾਰਵਰਡ ਦੀ ਸਾਲਾਨਾ ਕਾਨਫਰੰਸ ਵਿਚ ਹਿੱਸਾ ਲੈਣ ਬੋਸਟਨ ਜਾ ਰਹੇ ਹਨ। ਜਦੋਂ ਕਿ, ਬਲਜਿੰਦਰ ਕੌਰ ਦਾ 19 ਫਰਵਰੀ ਨੂੰ ਵਿਆਹ ਹੈ। ਅਜਿਹੇ ਵਿਚ ਦੋਵਾਂ ਦੇ ਹੀ ਪੂਰੇ ਸੈਸ਼ਨ ਵਿਚ ਮੌਜੂਦ ਰਹਿਣ ਦੀ ਉਮੀਦ ਘੱਟ ਹੈ। ਇਹ ਦੋਵੇਂ ਪਾਰਟੀ ਦੇ ਪ੍ਰਮੁੱਖ ਸਪੀਕਰ ਹਨ। ਇਸ ਤਰ੍ਹਾਂ ਆਪ ਖੇਮੇ ਵਿਚ ਸਿਰਫ਼ ਦਸ ਵਿਧਾਇਕ ਹੀ ਨਜ਼ਰ ਆਉਣਗੇ। ਖਹਿਰਾ ਗੁੱਟ ਨੇ ਅਜੇ ਤੱਕ ਅਪਣੀ ਰਣਨੀਤੀ ਦਾ ਖ਼ੁਲਾਸਾ ਨਹੀਂ ਕੀਤਾ ਹੈ।
ਖਹਿਰਾ ਅਤੇ ਮਾਸਟਰ ਬਲਰਾਮ ਅਸਤੀਫ਼ਾ ਦੇ ਚੁੱਕੇ ਹਨ, ਇਸ ਗੁੱਟ ਦੇ ਵੀ ਪੰਜ ਹੀ ਵਿਧਾਇਕ ਸਦਨ ਵਿਚ ਵਿਖਣਗੇ। ਉਥੇ ਹੀ, ਵਿਧਾਨ ਸਭਾ ਅਤੇ ਆਪ ਤੋਂ ਅਸਤੀਫ਼ਾ ਦੇ ਚੁੱਕੇ ਐਚਐਸ ਫੂਲਕਾ ਨੇ ਐਲਾਨ ਕੀਤਾ ਹੈ ਕਿ ਉਹ ਸੈਸ਼ਨ ਵਿਚ ਸ਼ਾਮਿਲ ਹੋਣਗੇ। ਉੱਧਰ, ਅਕਾਲੀ-ਭਾਜਪਾ ਦੇ ਵਿਚ ਚੱਲ ਰਹੀ ਖਿੱਚੋਤਾਣ ਸੈਸ਼ਨ ਤੋਂ ਪਹਿਲਾਂ ਦੂਰ ਕਰ ਲਈ ਗਈ ਹੈ। ਗੱਠਜੋੜ ਦੇ ਵਿਧਾਇਕ ਇਕਜੁੱਟ ਹੋ ਕੇ ਸਰਕਾਰ ਉਤੇ ਨਿਸ਼ਾਣਾ ਸਾਧਣਗੇ ਪਰ ਉਨ੍ਹਾਂ ਦਾ ਆਪ ਦੇ ਦੋਵਾਂ ਗੁੱਟਾਂ ਨਾਲ ਸਾਹਮਣਾ ਨਾ ਹੋਣਾ ਸਰਕਾਰ ਲਈ ਰਾਹਤ ਦੀ ਗੱਲ ਹੋਵੇਗੀ।
ਆਮ ਆਦਮੀ ਪਾਰਟੀ ਨੇ ਬਜਟ ਸੈਸ਼ਨ ਦੇ ਦੌਰਾਨ ਲੋਕਾਂ ਦੇ ਮੁੱਦੇ ਚੁੱਕਣ ਉਤੇ ਫੋਕਸ ਕੀਤਾ ਹੈ। ਜਿਸ ਦੇ ਲਈ ਵਿਧਾਇਕ ਅਮਨ ਅਰੋੜਾ ਨੇ ਸੋਸ਼ਲ ਸਾਈਟਸ ਉਤੇ ਇਕ ਵੀਡੀਓ ਸੁਨੇਹਾ ਜਾਰੀ ਕੀਤਾ ਸੀ। ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਮੁੱਦੇ ਦੱਸਣ ਅਤੇ ਇਹ ਵੀ ਦੱਸਣ ਕਿ ਕਿਸ ਵਿਧਾਇਕ ਦੇ ਜ਼ਰੀਏ ਚੁੱਕਵਾਉਣਾ ਚਾਹੁੰਦੇ ਹਨ। ਜਿਸ ਤੋਂ ਬਾਅਦ ਪਾਰਟੀ ਨੇ ਵੱਖ-ਵੱਖ ਵਿਧਾਇਕਾਂ ਦੇ ਜ਼ਰੀਏ 193 ਸਵਾਲ ਲਗਾਏ ਸਨ। ਹੁਣ ਵੇਖਣਾ ਹੈ ਕਿ ਇਹਨਾਂ ਵਿਚੋਂ ਕਿੰਨੇ ਸ਼ਾਮਿਲ ਹੁੰਦੇ ਹਨ।