ਮਰਦੀ ਨੇ 'ਅੱਕ' ਚੱਬਿਆ...'ਆਪ' ਦੀ ਜਿੱਤ 'ਤੇ 'ਫਿਸਲੀ' ਚੰਨੀ ਦੀ ਜ਼ੁਬਾਨ!
ਭਾਜਪਾ ਦੀ ਹਾਰ ਨੂੰ ਦਸਿਆ 'ਆਪ' ਤੇ ਕਾਂਗਰਸ ਦੇ ਸਾਂਝੇ ਏਜੰਡੇ ਦਾ ਹਿੱਸਾ
ਸ੍ਰੀ ਮੁਕਤਸਰ ਸਾਹਿਬ : ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਵਿਰੋਧੀਆਂ 'ਚ ਹੜਕਮ ਮਚਾ ਦਿਤਾ ਹੈ। ਜਿੱਥੇ 'ਆਪ' ਦੀ ਇਸ ਜਿੱਤ ਤੋਂ ਬਾਅਦ ਭਾਜਪਾ ਸਦਮੇ ਵਿਚ ਹੈ, ਉਥੇ 'ਨਾ ਤਿੰਨ 'ਚ ਨਾ ਤੇਰ੍ਹਾਂ ਵਿਚ' ਵਾਲੀ ਹਾਲਤ ਵਿਚ ਪਹੁੰਚੀ ਕਾਂਗਰਸ ਦੇ ਆਗੂ ਹੁਣ ਅਜੀਬ ਤਰ੍ਹਾਂ ਦੇ ਬਿਆਨ ਦੇਣ ਲੱਗ ਪਏ ਹਨ।
ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੀ ਜਿੱਤ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਦਿੱਲੀ ਅੰਦਰ 'ਆਪ' ਅਤੇ ਕਾਂਗਰਸ ਦਾ ਮਕਸਦ ਭਾਜਪਾ ਨੂੰ ਹਰਾਉਣਾ ਸੀ, ਜਿਸ ਵਿਚ ਉਹ ਕਾਮਯਾਬ ਰਹੇ ਹਨ। ਕਾਂਗਰਸੀ ਮੰਤਰੀ ਦਾ ਇਹ ਬਿਆਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੁਪਤ ਗੱਠਜੋੜ ਵੱਲ ਸੰਕੇਤ ਕਰਦਾ ਹੈ।
ਕਾਬਲੇਗੌਰ ਹੈ ਕਿ ਭਾਜਪਾ ਆਗੂਆਂ ਵਲੋਂ ਵੀ ਅਪਣੀਆਂ ਟੀਵੀ 'ਤੇ ਬਹਿਸ਼ਾਂ ਦੌਰਾਨ ਅਜਿਹੇ ਬਿਆਨ ਦਿਤੇ ਜਾ ਚੁੱਕੇ ਹਨ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਵਲੋਂ ਦਿੱਲੀ ਚੋਣਾਂ ਨੂੰ ਬਹੁਤੀ ਅਹਿਮੀਅਤ ਨਾ ਦੇਣ ਪਿਛਲੇ ਭਾਜਪਾ ਨਾਲ ਗੁਪਤ ਸਮਝੌਤਾ ਸੀ। ਹੁਣ ਚੰਨੀ ਦੇ ਇਸ ਬਿਆਨ ਨੂੰ ਇਨ੍ਹਾਂ ਸ਼ੰਕਿਆਂ ਦੀ ਹਕੀਕਤ ਵੱਲ ਸੇਧਿਤ ਮੰਨਿਆ ਜਾ ਰਿਹਾ ਹੈ।
ਪਰ ਸਿਆਸੀ ਮਾਹਿਰ ਮੰਤਰੀ ਦੇ ਇਸ ਤਰਕ ਨੂੰ ਹਾਰ ਤੋਂ ਬਾਅਦ ਦੀ ਬੁਖਲਾਹਟ ਨਾਲ ਜੋੜ ਕੇ ਵੇਖ ਰਹੇ ਹਨ। ਮਾਹਿਰਾਂ ਅਨੁਸਾਰ ਕਾਂਗਰਸ ਵਲੋਂ ਦਿੱਲੀ ਵਿਚ ਭਾਜਪਾ ਦੇ ਬਰਾਬਰ ਸੀਟਾਂ ਜਿੱਤਣ ਦੀ ਸੂਰਤ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈਅ ਸੀ। ਭਾਜਪਾ ਨੂੰ 7 ਤੋਂ 8 ਸੀਟਾਂ ਮਿਲਦੀਆਂ ਵਿਖਾਈ ਦੇ ਰਹੀਆਂ ਹਨ। ਇੰਨੀਆਂ ਹੀ ਸੀਟਾਂ ਕਾਂਗਰਸ ਵਲੋਂ ਜਿੱਤਣ ਦੀ ਸੂਰਤ ਵਿਚ ਵੀ ਦਿੱਲੀ ਵਿਚ 'ਆਪ' ਦੀ ਸਰਕਾਰ ਬਣ ਜਾਂਦੀ ਤੇ ਕਾਂਗਰਸ 'ਤੇ ਜ਼ੀਰੋ 'ਤੇ ਸਿਮਟ ਜਾਣ ਦਾ ਧੱਬਾ ਨਾ ਲੱਗਦਾ।
ਮੁਕਤਸਰ ਵਿਖੇ ਮਹੀਨਾਵਾਰ ਮੀਟਿੰਗਾਂ 'ਚ ਹਿੱਸਾ ਲੈਣ ਪਹੁੰਚੇ ਕੈਬਨਿਟ ਮੰਤਰੀ ਨੇ ਚੰਨੀ ਨੇ ਬਿਜਲੀ ਮੁੱਦੇ 'ਤੇ ਬੋਲਣ ਤੋਂ ਇਨਕਾਰ ਕਰ ਦਿਤਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੌਰਾਨ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੁੱਝ ਗਿਲੇ ਸ਼ਿਕਵੇ ਸਨ। ਇਨ੍ਹਾਂ ਦੀ ਨਿਪਟਾਰੇ ਲਈ ਛੇਤੀ ਹੀ ਇਕ ਹੋਰ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਦਫ਼ਤਰਾਂ ਅੱਗੇ ਸ਼ਿਕਾਇਤ-ਬਾਕਸ ਲਾਏ ਜਾਣਗੇ।