ਟਵੀਟ ਜ਼ਰੀਏ ਨਵਜੋਤ ਸਿੱਧੂ ਦਾ ਕੇਂਦਰ ‘ਤੇ ਨਿਸ਼ਾਨਾ, ‘ਤਾਨਾਸ਼ਾਹ’ ਸ਼ਬਦ ਦੀ ਕੀਤੀ ਵਰਤੋਂ
ਸਰਕਾਰ ਦੇ ਵਤੀਰੇ ‘ਤੇ ਚੁੱਕੇ ਸਵਾਲ
ਚੰਡੀਗੜ੍ਹ : ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਅਤੇ ਟਵਿੱਟਰ ਵਿਚਾਲੇ ਕੁੱਝ ਕਥਿਤ ਭੜਕਾਊ ਖਾਤਿਆਂ ਨੂੰ ਬੰਦ ਕਰਨ ਨੂੰ ਲੈ ਕੇ ਖਿੱਚੋਤਾਣ ਚੱਲ ਰਿਹਾ ਹੈ। ਭਾਵੇਂ ਟਵਿੱਟਰ ਨੇ ਕਈ ਖਾਤੇ ਪਹਿਲਾ ਹੀ ਬੰਦ ਕਰ ਦਿੱਤੇ ਹਨ ਪਰ ਸਰਕਾਰ ਨੇ ਇਕ ਹੋਰ ਲਿਸਟ ਜਾਰੀ ਕੀਤੀ ਹੈ, ਜੋ ਸਰਕਾਰ ਦੀਆਂ ਨਜ਼ਰਾਂ ਵਿਚ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ ਅਤੇ ਜਿਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਇਸ ਦੌਰਾਨ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਟਵੀਟ ਜ਼ਰੀਏ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਸਰਕਾਰ ਦੇ ਤਾਨਾਸ਼ਾਹੀ ਵਤੀਰੇ ‘ਤੇ ਉਂਗਲ ਚੁੱਕੀ ਹੈ।
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਲਿਖਿਆ, "ਕੀ ਲਿਖਾਂ, ਕਲਮ ਜਕੜ 'ਚ ਹੈ... ਕਿਵੇਂ ਲਿਖਾਂ, ਹੱਥ ਤਾਨਾਸ਼ਾਹ ਦੀ ਪਕੜ 'ਚ ਹਨ।#TwitterCensorship"
ਕਾਬਲੇਗੌਰ ਹੈ ਕਿ ਹਾਲ ਹੀ ਟਵਿੱਟਰ ਤੇ ਭਾਰਤ ਸਰਕਾਰ ਦਰਮਿਆਨ ਕੁਝ ਟਵਿੱਟਰ ਅਕਾਊਂਟ ਬੈਨ ਕਰਨ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਦੂਜੇ ਪਾਸੇ ਸਰਕਾਰ ਨੇ ਲੋਕਾਂ ਨੂੰ ਨਵੀਂ ਐਪ ‘Koo’ ਵਰਤਣ ਦੀ ਅਪੀਲ ਕੀਤੀ ਹੈ।