ਚੰਡੀਗੜ੍ਹ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਨਤਕ ਕਰਨ ਤੋਂ ਬਾਅਦ ਕੌਮੀ ਇਨਸਾਫ ਮੋਰਚੇ ਵੱਲੋਂ ਪ੍ਰੈੱਸ ਕਾਨਫਰੰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਮੋਰਚੇ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਸਰਕਾਰਾਂ

Qaumi Insaaf Morcha

 

ਮੁਹਾਲੀ: ਚੰਡੀਗੜ੍ਹ ਪੁਲਿਸ ਨੇ 8 ਫਰਵਰੀ ਨੂੰ ਚੰਡੀਗੜ੍ਹ-ਮੁਹਾਲੀ ਸਰਹੱਦ ’ਤੇ ਵਾਪਰੇ ਘਟਨਾਕ੍ਰਮ ਮਗਰੋਂ ਕਈ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ। ਇਸ ਮਗਰੋਂ ਕੌਮੀ ਇਨਸਾਫ ਮੋਰਚੇ ਵੱਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਸੰਗਤ ਸ਼ੁਰੂ ਤੋਂ ਹੀ ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਹੈ ਪਰ ਸਰਕਾਰਾਂ ਇਸ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ। ਉਹਨਾਂ ਕਿਹਾ ਕਿ ਸ਼ਾਂਤਮਈ ਢੰਗ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾ ਰਹੇ ਜਥੇ ਉੱਤੇ ਹਮਲਾ ਕਰਵਾਇਆ ਗਿਆ, ਇਸ ਮਗਰੋਂ ਸਿੰਘਾਂ ਅਤੇ ਬਜ਼ੁਰਗਾਂ ਨੂੰ ਜ਼ਖਮੀ ਕੀਤਾ ਗਿਆ।

ਉਹਨਾਂ ਕਿਹਾ ਕਿ ਸਰਕਾਰਾਂ ਨੇ ਮੋਰਚੇ ਨੂੰ ਇਨਸਾਫ ਦੇਣ ਦੀ ਬਜਾਏ ਦੋਸ਼ੀਆਂ ਦਾ ਪੱਖ ਪੂਰਿਆ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਆਗੂਆਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਦੇ ਪਰਿਵਾਰਾਂ ਉੱਤੇ ਤਸ਼ੱਦਦ ਕੀਤੇ ਜਾ ਰਹੇ ਹਨ। ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਗੁਰਚਰਨ ਸਿੰਘ ਨੇ ਕਿਹਾ ਕਿ ਜਥੇਦਾਰ ਰਾਜਾ ਰਾਜ ਸਿੰਘ ਦੇ ਪਰਿਵਾਰ ਉੱਤੇ ਤਸ਼ੱਦਦ ਕੀਤੇ ਗਏ, ਉਹਨਾਂ ਦੇ ਬਜ਼ੁਰਗ ਮਾਤਾ ਅਤੇ ਭਤੀਜੀ ਦੀ ਕੁੱਟਮਾਰ ਕੀਤੀ ਗਈ। ਇਹ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋਈਆਂ ਪਰ ਸਬੂਤ ਮਿਟਾਉਣ ਲਈ ਕੈਮਰਿਆਂ ਨੂੰ ਤੋੜ ਦਿੱਤਾ ਗਿਆ।

ਇਸ ਤੋਂ ਇਲਾਵਾ ਇਕ ਹੋਰ ਸਰਗਰਮ ਆਗੂ ਰੁਪਿੰਦਰ ਸਿੰਘ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੌਮੀ ਇਨਸਾਫ ਮੋਰਚੇ ਨੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣਾ ਫਰਜ਼ ਸਮਝਦੇ ਹੋਏ ਵਹੀਰਾਂ ਘੱਤ ਕੇ ਇੱਥੇ ਪਹੁੰਚੋ ਤਾਂ ਜੋ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰ ਸਕੀਏ।
ਮੋਰਚੇ ਦੇ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਉੱਤੇ ਤਸ਼ੱਦਦ ਸਰਕਾਰ ਦੇ ਜ਼ਬਰ ਦਾ ਦੂਜਾ ਕਦਮ ਹੈ। ਪਹਿਲਾ ਕਦਮ 8 ਫਰਵਰੀ ਨੂੰ ਵਾਪਰਿਆ, ਜਦੋਂ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਵਿਚ ਆ ਕੇ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।

ਇਸ ਸਬੰਧੀ ਦੋ ਮਾਮਲੇ ਦਰਜ ਹੋਏ, ਪੰਜਾਬ ਪੁਲਿਸ ਅਣਪਛਾਤੇ ਦੱਸ ਰਹੀ ਹੈ ਜਦਕਿ ਚੰਡੀਗੜ੍ਹ ਪੁਲਿਸ ਨੇ ਮੋਰਚੇ ਨਾਲ ਜੁੜੇ ਸਰਗਰਮ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਨਿਹੰਗ ਸਿੰਘ ਰਾਜਾ ਰਾਜ ਸਿੰਘ ਨੇ ਕਿਹਾ ਕਿ ਉਹ ਸਰਕਾਰ ਅਤੇ ਪੁਲਿਸ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਰਾਜਾ ਰਾਜ ਸਿੰਘ ਨੇ ਦੱਸਿਆ ਕਿ ਐਸਐਸਪੀ ਨੇ ਉਹਨਾਂ ਦੇ ਭਰਾ ਦੀ ਉਹਨਾਂ ਨਾਲ ਫੋਨ ਉੱਤੇ ਗੱਲ ਕਰਵਾਈ ਅਤੇ ਸਾਨੂੰ ਇੱਥੋਂ ਜਾਣ ਲਈ ਕਿਹਾ। ਉਹਨਾਂ ਕਿਹਾ ਕਿ ਸਰਕਾਰ ਮੋਰਚੇ ਨੂੰ ਖਦੇੜਨਾ ਚਾਹੁੰਦੀ ਹੈ। ਅਸੀਂ ਮਰ ਸਕਦੇ ਹਾਂ ਪਰ ਝੁਕ ਨਹੀਂ ਸਕਦੇ, ਅਸੀਂ ਮੋਰਚਾ ਛੱਡ ਕੇ ਨਹੀਂ ਜਾਵਾਂਗੇ।