ਮੰਗਾਂ ਸਬੰਧੀ ਮੁਲਾਜ਼ਮਾਂ ਨੇ ਲਾਇਆ ਪਟਿਆਲਾ ਵਿਖੇ ਵਿਸ਼ਾਲ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਨੀ ਅਤੇ ਮਨਪ੍ਰੀਤ ਬਾਦਲ ਦੇ ਹਲਕੇ 'ਚ ਕੀਤੇ ਜਾਣਗੇ ਪ੍ਰਦਰਸ਼ਨ

Employees protest

ਪਟਿਆਲਾ : ਪੰਜਾਬ, ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਸੱਦੇ 'ਤੇ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਧੋਖਾ ਕਰ ਕੇ ਐਡਹਾਕ, ਟੈਂਪਰੇਰੀ, ਵਰਕਚਾਰਜ, ਦਿਹਾੜੀਦਾਰ, ਕੰਟਰੈਕਟ, ਆਊਟ ਸੋਰਸ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਵਾਰ-ਵਾਰ ਭਰੋਸੇ ਦੇਣ 'ਤੇ ਵੀ ਰੈਗੂਲਰ ਨਾ ਕਰਨ ਅਤੇ ਸਮੁੱਚੇ ਮੰਤਰੀ ਪ੍ਰੀਸ਼ਦ ਵਲੋਂ ਅਤੇ ਸਿਹਤ ਮੰਤਰੀ ਵਲੋਂ 27000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਐਲਾਨ ਤੋਂ ਭੱਜਣ ਵਿਰੁਧ ਲੋਕ ਸਭਾ ਚੋਣਾਂ ਦੌਰਾਨ ਮੋਰਚਾ ਖੋਲ੍ਹ ਕੇ ਅੱਜ ਪਟਿਆਲਾ ਵਿਖੇ ਜੋਨਲ ਝੰਡਾ ਮਾਰਚ ਕੀਤਾ ਗਿਆ। 

ਮੁਲਾਜ਼ਮਾਂ ਦੀ 6 ਫ਼ੈਡਰੇਸ਼ਨਾਂ ਅਤੇ ਅਨੇਕਾਂ ਸਰਕਾਰੀ ਤੇ ਅਰਧ ਸਰਕਾਰੀ ਆਜ਼ਾਦ ਯੂਨੀਅਨਾਂ ਵਲੋਂ ਪਟਿਆਲਾ ਦੇ ਵੱਖ-ਵੱਖ ਥਾਵਾਂ ਤੋਂ ਵਰਦੇ ਮੀਂਹ ਦੇ ਬਾਵਜੂਦ ਜਥਿਆਂ ਦੇ ਰੂਪ ਵਿਚ ਇਕੱਠੇ ਹੋ ਕੇ ਵੱਖਰੇ ਵੱਖਰੇ ਤੌਰ 'ਤੇ ਝੰਡਾ ਮਾਰਚ ਕਰਦੇ ਹੋਏ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਵਿਖੇ ਇਕੱਤਰ ਹੋ ਕੇ ਸ਼ੇਰਾ ਵਾਲਾ ਗੇਟ ਤੋਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੀਆਂ ਨਿੱਜੀ ਰਿਹਾਇਸ਼ੀਆਂ ਦਾ ਘਿਰਾਉ ਕਰਨ ਸਮੇਂ ਭਾਰੀ ਪੁਲਿਸ ਫ਼ੋਰਸ ਨੇ ਵਾਈ.ਪੀ.ਐਸ. ਚੌਕ ਤੋਂ ਪਹਿਲਾਂ ਹੀ ਰੋਕ ਲਿਆ। ਇਥੇ ਮੁਲਾਜ਼ਮਾਂ ਨੇ ਧਰਨਾ ਦੇ ਕੇ ਜ਼ੋਰਦਾਰ ਰੈਲੀ ਕਰ ਕੇ ਮੰਤਰੀ ਮੰਡਲ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਪਟਿਆਲਾ, ਸੰਗਰੂਰ, ਫ਼ਤਿਹਗੜ੍ਹ ਸਾਹਿਬ, ਬਰਨਾਲਾ ਅਤੇ ਮੋਹਾਲੀ/ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਅਤੇ ਔਰਤ ਮੁਲਾਜ਼ਮ ਸ਼ਾਮਲ ਸੀ।

ਸੰਘਰਸ਼ ਕਮੇਟੀ ਦੇ ਬੁਲਾਰਿਆਂ ਸੱਜਣ ਸਿੰਘ, ਵੇਦ ਪ੍ਰਕਾਸ਼, ਹਰੀ ਸਿੰਘ ਟੋਹੜਾ, ਸੁਖਦੇਵ ਸਿੰਘ ਸੈਣੀ, ਭੁਪਿੰਦਰ ਸਿੰਘ ਵੜੈਚ, ਸੁਖਦੇਵ ਸਿੰਘ ਰੋਪੜ, ਸਤੀਸ਼ ਰਾਣਾ ਆਦਿ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਪੂਰੀਆਂ ਕਰਨਾ ਆਦਿ ਇਸ਼ੂ ਲਮਕੇ ਪਏ ਹਨ। ਐਸ.ਡੀ.ਐਮ. ਪਟਿਆਲਾ ਨੇ ਪਹੁੰਚ ਕੇ 13 ਮਾਰਚ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਦਾ ਸਮਾਂ ਤਹਿ ਕੀਤਾ। ਇਸ ਤਰ੍ਹਾਂ ਸੰਘਰਸ਼ ਕਮੇਟੀ ਦੇ ਕਨਵੀਨਰਾਂ ਨੇ ਐਲਾਨ ਕੀਤਾ ਕਿ 16 ਮਾਰਚ ਨੂੰ ਚਰਨਜੀਤ ਸਿੰਘ ਚੰਨੀ ਅਤੇ 26 ਮਾਰਚ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕੇ ਬਠਿੰਡਾ ਵਿਖੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਚੋਣਾਂ ਦੌਰਾਨ ਲਗਾਤਾਰ ਸੰਘਰਸ਼ ਕਰਕੇ ਆਪਣੀਆਂ ਮੰਗਾਂ ਮਨਵਾਈਆਂ ਜਾਣਗੀਆਂ।
ਫੋਟੋ ਨੰ : 11 ਪੀਏਟੀ 9