ਡਾ. ਮਨਮੋਹਨ ਸਿੰਘ ਦੀ ਕਦਰ ਕਰਦੇ, ਪਰ ਚੋਣ ਅਖਾੜੇ 'ਚ ਪਟਕੀ ਦੇਵਾਂਗੇ : ਸ਼ਵੇਤ ਮਲਿਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਪੰਜਾਬ ਦੀਆਂ ਕੁਲ 13 ਲੋਕ ਸਭਾ ਸੀਟਾਂ 'ਤੇ 19 ਮਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼ਾਮੀ ਬੀਜੇਪੀ ਤੇ ਅਕਾਲੀ ਦਲ ਦੇ ਨੇਤਾਵਾਂ ਦੀ ਸਾਂਝੀ ਬੈਠਕ ਹੋਈ...

Shwet Malik

ਚੰਡੀਗੜ੍ਹ : ਪੰਜਾਬ ਦੀਆਂ ਕੁਲ 13 ਲੋਕ ਸਭਾ ਸੀਟਾਂ 'ਤੇ 19 ਮਈ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼ਾਮੀ ਬੀਜੇਪੀ ਤੇ ਅਕਾਲੀ ਦਲ ਦੇ ਨੇਤਾਵਾਂ ਦੀ ਸਾਂਝੀ ਬੈਠਕ ਹੋਈ ਜਿਸ ਵਿਚ ਘੰਟਿਆਂਬੱਧੀ, ਆਪਸੀ ਤਾਲਮੇਲ ਰੱਖਣ, ਵਰਕਰਾਂ ਤੇ ਬੂਥ ਲੈਵਲ ਪਾਰਟੀ ਕਾਰਜਕਰਤਾਵਾਂ ਦੋਹਾਂ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਅਤੇ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਿਚ ਚਲਾਈ ਐਨ.ਡੀ.ਏ. ਸਰਕਾਰ ਦੀਆਂ ਪ੍ਰਾਪਤੀਆਂ ਨੂੰ ਆਉਣ ਵਾਲੇ ਚੋਣ ਪ੍ਰਚਾਰ ਲਈ ਮੁੱਖ ਮੁੱਦਾ ਸਬੰਧੀ ਚਰਚਾ ਕੀਤੀ ਗਈ।

ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਦੋਹਾਂ ਪਾਸਿਉਂ ਚਾਰ-ਚਾਰ ਨੇਤਾ ਇਸ ਸਾਂਝੀ ਤਾਲਮੇਲ ਕਮੇਟੀ ਦੀ ਬੈਠਕ ਵਿਚ ਸੈਕਟਰ 37 ਦੇ ਬੀਜੇਪੀ ਭਵਨ ਵਿਚ ਪੰਜਾਬ ਦੇ ਮੁੱਦਿਆਂ 'ਤੇ ਵਿਚਾਰ ਕਰਦੇ ਰਹੇ। ਇਹ ਵੀ ਤੈਅ ਹੋਇਆ ਕਿ ਚੋਣ ਪ੍ਰਚਾਰ ਵਿਚ ਕਾਂਗਰਸ ਸਰਕਾਰ ਦੀ ਪਿਛਲੇ 2 ਸਾਲ ਦੀ ਮਾੜੀ ਕਾਰਗੁਜ਼ਾਰੀ ਨੂੰ ਵੀ ਉਜਾਗਰ ਕੀਤਾ ਜਾਵੇ।

ਪ੍ਰੈਸ ਕਾਨਫ਼ਰੰਸ ਨੂੰ ਸੰਬਧਨ ਕਰਦਿਆਂ ਪੰਜਾਬ ਬੀਜੇਪੀ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਅਕਾਲੀ ਬੀਜੇਪੀ ਗਠਜੋੜ ਦੇ ਸਮਝੌਤੇ ਮੁਤਾਬਕ ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਦੀਆਂ ਸੀਟਾਂ 'ਤੇ ਬੀਜੇਪੀ ਦੇ ਉਮੀਦਵਾਰ ਹੋਣਗੇ ਜਦੋਂ ਕਿ ਬਾਕੀ 10 'ਤੇ ਅਕਾਲੀ ਉਮੀਦਵਾਰ ਖੜਨਗੇ। ਸ਼ਵੇਤ ਮਲਿਕ ਨੇ ਦਸਿਆ ਕਿ ਮੌਜੁਦਾ ਐਮ.ਪੀ. ਵਿਜੈ ਸਾਂਪਲਾ, ਹੁਸ਼ਿਆਰਪੁਰ ਤੋਂ ਹੀ ਚੋਣ ਲੜਨਗੇ। ਜਦੋਂ ਕਿ ਗੁਰਦਾਸਪੁਰ ਤੇ ਅੰਮ੍ਰਿਤਸਰ ਸੀਟਾਂ 'ਤੇ ਉਮੀਦਵਾਰਾਂ ਦਾ ਫ਼ੈਸਲਾ ਪਾਰਟੀ ਦਾ ਪਾਰਲੀਮੈਂਟ ਬੋਰਡ ਹੀ ਅਗਲੇ ਹਫ਼ਤੇ ਕਰੇਗਾ। ਪ੍ਰਧਾਨ ਨੇ ਸਪਸ਼ਟ ਕੀਤਾ ਕਿ 19 ਮਈ ਨੂੰ ਹਾਲੇ ਕਾਫ਼ੀ ਸਮਾਂ ਹੈ, ਆਖ਼ਰੀ ਪੜਾਅ ਵਿਚ ਵੋਟਾਂ ਪੈਣੀਆਂ ਹਨ, ਉਮੀਦਵਾਰੀਆਂ ਤੈਅ ਕਰਨ ਲਈ ਵਾਧੂ ਸਮਾਂ ਵੀ ਲੱਗ ਸਕਦਾ ਹੈ।

ਅੰਮ੍ਰਿਤਸਰ ਦੀ ਸੀਟ ਵਾਸਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਉਮੀਦਵਾਰ ਬਣਨ 'ਤੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬੀਜੇਪੀ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਉਸ ਦੇ ਨੇਤਾ ਡਾ. ਮਨਮੋਹਨ ਸਿੰਘ ਦੀ ਕਾਬਲੀਅਤ, ਉਨ੍ਹਾਂ ਦੇ ਸਿੱਖ ਭਾਈ ਅਤੇ ਪੰਜਾਬੀ ਹੋਣ 'ਤੇ ਬਹੁਤ ਕਦਰ ਕਰਦੇ ਹਨ ਪਰ ਚੋਣ ਅਖਾੜੇ ਵਿਚ ਸਾਡੀ ਪਾਰਟੀ ਉਨ੍ਹਾਂ ਪਛਾੜ ਦੇਵੇਗੀ। ਮੋਦੀ ਸਰਕਾਰ ਦੀਆਂ ਦੇਸ਼ ਵਾਸਤੇ ਤੇ ਪੰਜਾਬ ਵਾਸਤੇ ਚਰਚਾ ਕਰਦੇ ਹੋਏ ਸ਼ਵੇਤ ਮਲਿਕ ਨੇ ਸਪਸ਼ਟ ਕੀਤਾ ਕਿ ਪੰਜਾਬ ਦੀਆਂ 13 ਸੀਟਾਂ ਲਈ ਚੋਣ ਪ੍ਰਚਾਰ ਦੌਰਾਨ ਮੋਦੀ ਸਰਕਾਰ ਦੀ 5 ਸਾਲਾਂ ਦੀਆਂ ਪ੍ਰਾਪਤੀਆਂ ਇਕ ਮੁੱਖ ਮੁੱਦਾ ਹੋਵੇਗਾ। ਉਨ੍ਹਾਂ ਕਿਹਾ ਕਿ ਵੱਖ ਵੱਖ ਸਕੀਮਾਂ ਹੇਠ ਕੇਂਦਰ ਸਰਕਾਰ ਨੇ ਪੰਜਾਬ ਨੂੰ 1,62,000 ਕਰੋੜ ਦਾ ਲਾਭ ਪਹੁੰਚਾਇਆ ਹੈ ਅਤੇ ਕਈ ਵਿਕਾਸ ਪ੍ਰਾਜੈਕਟਾਂ ਵਿਚ ਹੋਰ ਕਈ ਕਰੋੜਾਂ ਦੀ ਮਦਦ ਕੀਤੀ ਹੈ।

ਪੰਜਾਬ ਵਿਚ ਕਾਂਗਰਸ ਸਰਕਾਰ ਦੀ 2 ਸਾਲ ਦੀ ਕਾਰਗੁਜ਼ਾਰੀ ਬਾਰੇ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਵਿਚ ਨਾ ਤਾਂ ਨਸ਼ਾ ਬੰਦ ਹੋਇਆ, ਪਹਿਲਾਂ ਨਾਲੋਂ ਵੱਧ ਵਿਕਰੀ ਰਹੋ ਰਹੀ ਹੈ, ਨਾ ਹੀ ਕਿਸਾਨ ਖ਼ੁਦਕੁਸ਼ੀਆਂ ਰੁਕੀਆਂ ਹਨ, 90,000 ਕਰੋੜ ਦੇ ਕਿਸਾਨੀ ਕਰਜ਼ੇ ਮਾਫ਼ ਕਰਨੇ ਸਨ, ਕੇਵਲ 1500 ਕਰੋੜ ਦੀ ਰਾਸ਼ੀ ਬਜਟ ਵਿਚ ਰੱਖੀ। ਰੋਜ਼ਗਾਰ ਦੇਣ ਦੇ ਮੁੱਦੇ 'ਤੇ ਵੀ ਕਾਂਗਰਸ ਫ਼ੇਲ੍ਹ ਹੋਈ ਹੈ ਅਤੇ ਮੁਲਾਜ਼ਮਾਂ ਨੂੰ ਨਾ ਡੀਏ ਦੀ ਕਿਸ਼ਤ ਦਿਤੀ ਹੈ ਅਤੇ ਨਾ ਹੀ 6ਵਾਂ ਤਨਖ਼ਾਹ ਕਮਿਸ਼ਨ ਲਾਗੂ ਕੀਤਾ ਹੈ। ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਅੰਦਰੂਨੀ ਧੜੇਬੰਦੀ ਕਾਫ਼ੀ ਖ਼ਤਰਨਾਕ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨੀ ਅਤਿਵਾਦ ਵਿਰੁਧ ਹੈ ਪਰ ਮੁੱਖ ਮੰਤਰੀ ਦੀ ਕੁਰਸੀ ਦਾ ਚਾਹਵਾਨ ਨਵਜੋਤ ਸਿੰਘ ਸਿੱਧੂ ਹੱਦ ਦਰਜੇ ਦੀ ਚਾਪਲੂਸੀ ਕਰ ਕੇ ਰਾਹੁਲ ਗਾਂਧੀ-ਪ੍ਰਿਅੰਕਾ-ਸੋਨੀਆ ਦੇ ਨੇੜੇ ਹੋ ਕੇ ਪਾਕਿਸਤਾਨੀ ਇਮਰਾਨ ਦੇ ਗੁਣਗਾਨ ਕਰਦਾ ਹੈ। ਇਸੇ ਤਰ੍ਹਾਂ ਸੁਨੀਲ ਜਾਖੜ ਦੀਆਂ ਜੜ੍ਹਾਂ ਵੱਢਣ ਲਈ ਹਰ ਵੇਲੇ ਤਿਆਰ ਰਾਜ ਸਭਾ ਐਮ.ਪੀ. ਪ੍ਰਤਾਪ ਬਾਜਵਾ ਦਿੱਲੀ ਹਾਈ ਕਮਾਂਡ ਦੇ ਨੇੜੇ ਹੋ ਰਿਹਾ ਹੈ। ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਸੱਤਾਧਾਰੀ ਕਾਂਗਰਸ ਦੀ ਅੰਦਰੂਨੀ ਖਹਿਬਾਜ਼ੀ ਪੰਜਾਬ ਲਈ ਖ਼ਤਰਨਾਕ ਸਿੱਧ ਹੋਵੇਗੀ।