ਯੂਏਈ ਵਫ਼ਦ ਨੇ ਪੰਜਾਬ 'ਚ ਨਿਵੇਸ਼ ਦੀ ਦਿਲਚਸਪੀ ਵਿਖਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ, ਖਾਣ ਵਾਲੀਆਂ ਵਸਤਾਂ, ਬਰਾਮਦ, ਬੁਨਿਆਦੀ ਢਾਂਚਾ ਅਤੇ ਰੀਅਲ ਅਸਟੇਟ ਦੇ ਖੇਤਰ 'ਚ ਕਰਨਗੇ ਨਿਵੇਸ਼

UAE delegation of investors evince keen interest to invest in Punjab

ਚੰਡੀਗੜ੍ਹ : ਯੂਏਈ ਦੇ ਇਕ ਸੰਭਾਵੀ ਨਿਵੇਸ਼ਕਾਰਾਂ ਦੇ ਵਫ਼ਦ ਨੇ ਪੰਜਾਬ ਵਿਚ ਖੇਤੀ, ਖਾਣ ਵਾਲੀਆਂ ਵਸਤਾਂ, ਬਰਾਮਦ, ਬੁਨਿਆਦੀ ਢਾਂਚਾ, ਰੀਅਲ ਅਸਟੇਟ ਅਤੇ ਪਾਣੀ ਪ੍ਰਬੰਧਨ ਆਦਿ ਵਿਚ ਨਿਵੇਸ਼ ਕਰਨ ਦੀ ਰੁਚੀ ਪ੍ਰਗਟ ਕੀਤੀ ਹੈ। ਇਨਵੈਸਟ ਪੰਜਾਬ ਵੱਲੋਂ ਰੱਖੇ ਇਕ ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਭਾਰਤ ਅਤੇ ਯੂਏਈ ਵੱਲੋਂ ਆਪਸੀ ਵਪਾਰਕ ਵਾਧੇ ਨੂੰ ਲੈ ਕੇ ਮਹੱਤਵਪੂਰਣ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਵੈਸਟ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਭਾਰਤ ਦੇਸ਼ ਯੂਏਈ ਦਾ ਇਕ ਵੱਡਾ ਵਪਾਰਕ ਭਾਈਵਾਲ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਵਪਾਰਕ ਸਬੰਧ ਕਾਫੀ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸੂਬੇ ਵਿਚ ਵੀ ਯੂਏਈ ਦੇ ਵੱਡੇ ਨਿਵੇਸ਼ਕਾਂ ਨੇ ਨਿਵੇਸ਼ ਵਿਚ ਦਿਲਚਸਪੀ ਵਿਖਾਈ ਹੈ।

ਯੂਏਈ ਦੇ ਨਿਵੇਸ਼ਕਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਨਿਵੇਸ਼ ਲਈ ਸੂਬਾ ਯੂਏਈ ਦੇਸ਼ ਨੂੰ ਕਈ ਅਹਿਮ ਮੌਕੇ ਪ੍ਰਦਾਨ ਕਰ ਰਿਹਾ ਹੈ ਅਤੇ ਵਪਾਰਕ ਸਬੰਧਾਂ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ ਪੱਖੋਂ ਅਤੇ ਦੁਵੱਲੇ ਵਪਾਰ ਲਈ ਪੰਜਾਬ ਲਈ ਯੂਏਈ ਪਹਿਲੀ ਸੂਚੀ ਦੇ ਮੁਲਕਾਂ ਵਿਚ ਸ਼ੁਮਾਰ ਹੈ। ਇਸ ਤੋਂ ਪਹਿਲਾਂ ਮੁੱਖ ਸਕੱਤਰ ਨੇ ਵਫਦ ਦਾ ਸਵਾਗਤ ਕੀਤਾ ਜੋ ਕਿ ਯੂਏਈ ਵਿਚ ਭਾਰਤ ਦੇ ਰਾਜਦੂਤ ਨਵਦੀਪ ਸੂਰੀ ਦੀ ਅਗਵਾਈ ਵਿਚ ਆਇਆ ਸੀ। ਵਫ਼ਦ 'ਚ ਹਾਇਪਰਲੂਪ ਵਨ, ਮੀਟੀਟੂ, ਲੁਲੂ ਗਰੁੱਪ, ਡੀਪੀ ਵਰਲਡ, ਸ਼ਰਾਫ ਗਰੁੱਪ, ਐਮਆਰ, ਡੀਐਮਸੀਸੀ ਅਤੇ ਯੂਪੀਐਲ ਦੇ ਉੱਚ ਅਧਿਕਾਰੀ ਸ਼ਾਮਲ ਸਨ। 

ਇਸ ਮੌਕੇ ਉਦਯੋਗ ਤੇ ਵਣਜ ਅਤੇ ਇਨਵੈਸਟ ਪ੍ਰਮੋਸ਼ਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂੰ ਕਰਵਾਇਆ। ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਨੇ ਪੰਜਾਬ ਵਿਚ ਹੋਰ ਨਿਵੇਸ਼ਕਾਂ ਵੱਲੋਂ ਵਿਖਾਈ ਜਾ ਰਹੀ ਰੁਚੀ ਬਾਬਤ ਜਾਣਕਾਰੀ ਦਿੱਤੀ। ਹਾਲ ਹੀ ਵਿਚ ਲੁਲੂ ਗਰੁੱਪ ਨੇ ਪੰਜਾਬ ਤੋਂ ਕਿੰਨੂਆਂ ਦੀ ਪਹਿਲੀ ਖੇਪ ਯੂਏਈ ਮੰਗਵਾਈ ਹੈ। ਇਸ ਮੌਕੇ ਵਫ਼ਦ ਮੈਂਬਰਾਂ ਨੇ ਪੰਜਾਬ ਦੇ ਸੀਨੀਅਰ ਅਧਿਕਾਰੀ ਨਾਲ ਇਕਮ-ਇਕ ਗੱਲਬਾਤ ਕੀਤੀ ਅਤੇ ਸੂਬੇ ਵਿਚ ਨਿਵੇਸ਼ ਮੌਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਖਾਸ ਤੌਰ 'ਤੇ ਖੇਤੀ, ਖਾਣ ਵਾਲੀਆਂ ਵਸਤਾਂ, ਲੌਜਿਸਟਿਕ, ਬੁਨਿਆਦੀ ਢਾਂਚਾ, ਰੀਅਲ ਅਸਟੇਟ ਅਤੇ ਪਾਣੀ ਪ੍ਰਬੰਧਨ ਆਦਿ ਵਿਚ ਰੁਚੀ ਵਿਖਾਈ। 

ਮੀਟਿੰਗ 'ਚ ਸਲਾਹਕਾਰ ਇਨਵੈਸਟਮੈਂਟ ਪ੍ਰੋਮੋਸ਼ਨ ਬਲਵਿੰਦਰ ਸਿੰਘ ਕੋਹਲੀ, ਵਧੀਕ ਮੁੱਖ ਸਕੱਤਰ ਪਸ਼ੂ-ਪਾਲਣ ਐਨ.ਐਸ. ਕਲਸੀ, ਵਧੀਕ ਮੁੱਖ ਸਕੱਤਰ ਵਿਕਾਸ ਵਿਸ਼ਵਾਜੀਤ ਖੰਨਾ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਏ. ਵੇਣੂੰ ਪ੍ਰਸਾਦ, ਪ੍ਰਮੁੱਖ ਸਕੱਤਰ ਜਲ ਸਰੋਤ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਡੀ.ਕੇ. ਤਿਵਾੜੀ, ਪ੍ਰਮੁੱਖ ਸਕੱਤਰ ਟਰਾਂਸਪੋਰਟ ਕੇ. ਸਿਵਾ ਪ੍ਰਸਾਦ, ਸਕੱਤਰ ਲੋਕ ਨਿਰਮਾਣ (ਪੀ.ਡਬਲਿਊ.ਡੀ)  ਹੁਸਨ ਲਾਲ, ਸਕੱਤਰ ਪੰਜਾਬ ਮੰਡੀ ਬੋਰਡ ਕਮਲਦੀਪ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ (ਐਮ.ਡੀ.) ਪੀ.ਐਸ.ਆਈ.ਈ.ਸੀ. ਰਾਹੁਲ ਭੰਡਾਰੀ, ਮੈਨੇਜਿੰਗ ਡਾਇਰੈਕਟਰ (ਐਮ.ਡੀ.) ਮਾਰਕਫੈੱਡ ਵਰੁਣ ਰੂਜਮ, ਮੈਨੇਜਿੰਗ ਡਾਇਰੈਕਟਰ (ਐਮ.ਡੀ.) ਪੀ.ਏ.ਆਈ.ਸੀ. ਸਿਬਿਨ ਅਤੇ ਏ.ਐਮ.ਡੀ. ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਐਚ.ਪੀ.ਐਸ ਬਰਾੜ ਹਾਜ਼ਰ ਸਨ।