MP ਦੇ 'ਸਿਆਸੀ ਘਮਾਸਾਨ' ਦੀ ਪੰਜਾਬ 'ਚ ਗੂੰਜ, ਸਿਆਸੀ ਚੂਝ-ਚਰਚਾਵਾਂ ਦਾ ਬਾਜ਼ਾਰ ਗਰਮ!

ਏਜੰਸੀ

ਖ਼ਬਰਾਂ, ਪੰਜਾਬ

ਸਿਆਸੀ ਗਲਿਆਰਿਆਂ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਕਿਆਸ-ਅਰਾਈਆਂ ਜਾਰੀ

file photo

ਚੰਡੀਗੜ੍ਹ : ਮੱਧ ਪ੍ਰਦੇਸ਼ ਦੇ ਦਿੱਗਜ਼ ਕਾਂਗਰਸੀ ਆਗੂ ਜਯੋਤਿਰਾਦਿੱਤਿਆ ਸਿੰਧੀਆ ਵਲੋਂ ਭਾਜਪਾ ਵਿਚ ਦੇ ਖੇਮੇ ਵਿਚ ਚਲੇ ਜਾਣ ਬਾਅਦ ਸ਼ੁਰੂ ਹੋਏ ਸਿਆਸੀ ਘਮਾਸਾਨ ਦੀ ਗੂੰਜ ਪੰਜਾਬ ਅੰਦਰ ਵੀ ਸੁਣਾਈ ਦੇਣ ਲਗੀ ਹੈ। ਇਸ ਨੂੰ ਲੈ ਕੇ ਪੰਜਾਬ ਅੰਦਰ ਸਿਆਸੀ ਚੁਝ-ਚਰਚਾਵਾਂ ਦਾ ਬਾਜ਼ਾਰ ਵੀ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਘਟਨਾਕ੍ਰਮ ਨੇ ਕਾਂਗਰਸ ਪਾਰਟੀ ਲਈ ਕਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿਤੀਆਂ ਨੇ। ਸਭ ਤੋਂ ਵੱਡੀ ਚੁਣੌਤੀ ਤਾਂ ਮੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਬਚਾਈ ਰੱਖਣਾ ਹੈ।

ਉਸ ਤੋਂ ਬਾਅਦ ਦੂਜੇ ਕਾਂਗਰਸੀ ਸੱਤਾ ਵਾਲੇ ਸੂਬਿਆਂ 'ਚ ਅਪਣੀਆਂ ਸਰਕਾਰਾਂ ਦੇ ਨਾਲ ਨਾਲ ਉਸ ਤੋਂ ਵੀ ਵੱਧ ਅਪਣੇ ਹੀ ਮੁੱਖ ਮੰਤਰੀਆਂ ਤੋਂ ਨਾਰਾਜ਼ ਕਾਂਗਰਸੀ ਆਗੂਆਂ ਦਾ ਖਿਆਲ ਰੱਖਣਾ ਹੈ। ਇਨ੍ਹਾਂ ਵਿਚ ਸਭ ਤੋਂ ਵੱਧ ਕਾਂਗਰਸ ਪਾਰਟੀ ਲਈ ਮੱਧ ਪ੍ਰਦੇਸ਼ ਵਾਲੀਆਂ ਘਟਨਾਵਾਂ ਦੇ ਪ੍ਰਭਾਵ ਤੋਂ ਪੰਜਾਬ ਦੀ ਸਿਆਸਤ ਨੂੰ ਬਚਾਈ ਰੱਖਣਾ ਵੱਡੀ ਚੁਣੌਤੀ ਸਾਬਤ ਹੋਣ ਜਾ ਰਿਹਾ ਹੈ। ਸੂਬਾਈ ਕਾਂਗਰਸ ਦੇ ਅੰਦਰੂਨੀ ਹਲਕਿਆਂ ਮੁਤਾਬਕ ਜਲਦ ਹੀ ਹਾਈਕਮਾਨ ਸਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨਾਲ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਨ।  

ਪੰਜਾਬ ਦੇ ਇੱਕ ਸੀਨੀਅਰ ਕੈਬਨਿਟ ਮੰਤਰੀ ਦੇ ਹਵਾਲੇ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ 16 ਮਾਰਚ ਨੂੰ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਬਾਰੇ ਸਮੂਹ ਮੰਤਰੀਆਂ ਅਤੇ ਵੱਡੇ ਆਗੂਆਂ ਨੂੰ ਮੀਡੀਆ 'ਚ ਖੁੱਲ੍ਹ ਕੇ ਬੋਲਣ ਤੋਂ ਵਰਜ ਦਿਤਾ ਗਿਆ ਹੈ। ਕਿਉਂਕਿ ਮੁੱਖ ਮੰਤਰੀ ਕੈਂਪ ਵੱਲੋਂ ਮਿਥੀ ਤਰੀਕ ਤੋਂ ਬਾਅਦ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਲੋਕਾਂ ਚ ਪਹੁੰਚਾਉਣ ਲਈ ਇੱਕ ਵੱਡੀ ਮੀਡੀਆ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਖੇਮੇ ਨੂੰ ਖਦਸ਼ਾ ਹੈ ਕਿ ਕੋਈ ਆਗੂ ਜਾਂ ਮੰਤਰੀ ਉਸ ਤੋਂ ਪਹਿਲਾਂ ਗ਼ਲਤ ਬਿਆਨੀ ਕਰਕੇ ਅੰਕੜਿਆਂ ਦੀ ਖੇਡ ਦਾ ਵਿਗਾੜ ਦੇਵੇ।

ਦੂਜੇ ਪਾਸੇ ਕਾਂਗਰਸ ਹਾਈਕਮਾਨ ਵਲੋਂ ਵੀ ਮੱਧ ਪ੍ਰਦੇਸ਼ ਦੇ ਸਿਆਸੀ ਸੰਕਟ ਦੇ ਮੱਦੇਨਜ਼ਰ ਪਾਰਟੀ ਸ਼ਾਸਤ ਦੂਜੇ ਰਾਜਾਂ ਖ਼ਾਸਕਰ ਪੰਜਾਬ ਦੀਆਂ ਸਰਕਾਰਾਂ ਨੂੰ ਵੀ ਪਾਰਟੀ ਪੱਧਰ ਤੇ ਸੁਚੇਤ ਰਹਿਣ ਦੀ ਹਦਾਇਤ ਕੀਤੀ ਜਾ ਚੁੱਕੀ ਦੱਸੀ ਜਾ ਰਹੀ ਹੈ। ਕਿਉਂਕਿ ਮੱਧ ਪ੍ਰਦੇਸ਼ ਦੀ ਤਰਜ਼ 'ਤੇ ਹੀ ਪੰਜਾਬ ਵਿਚ ਹੀ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਤੇ ਐਮਪੀ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਦੂਜੀ ਵਾਰ ਦੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਾਈਕਮਾਨ ਅੱਗੇ ਸ਼ਰੇਆਮ ਫਰੰਟ ਖੋਲ੍ਹੀ ਬੈਠੇ ਹਨ।

ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਜਿਵੇਂ ਸਿੰਧੀਆ ਇਹ ਆਖ ਰਹੇ ਹਨ ਕਿ ਹਾਈਕਮਾਨ ਨੇ ਉਨ੍ਹਾਂ ਦੀ ਨਾਰਾਜ਼ਗੀ ਨੂੰ ਨਹੀਂ ਸੁਣਿਆ, ਉਂਜ ਹੀ ਬਾਜਵਾ ਅਤੇ ਸਿੱਧੂ ਦੀ ਵੀ ਸੁਣਵਾਈ ਕਾਂਗਰਸ ਹਾਈ ਕਮਾਨ ਵਲੋਂ ਨਹੀਂ ਕੀਤੀ ਜਾ ਰਹੀ ਹੋਣ ਦਾ ਪ੍ਰਤੱਖ ਪ੍ਰਭਾਵ ਬਣਿਆ ਹੋਇਆ ਹੈ। ਕਿਉਂਕਿ ਪਹਿਲਾਂ ਬਾਜਵਾ ਲਗਾਤਾਰ ਹਾਈਕਮਾਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ 'ਪਰਫਾਰਮੈਂਸ' ਵਿਰੁੱਧ ਚਿੱਠੀਆਂ ਲਿਖ ਚੁੱਕੇ ਹਨ।

ਗਾਂਧੀ ਪਰਵਾਰ ਤਕ ਕੇਂਦਰਿਤ ਕਾਂਗਰਸ ਹਾਈਕਮਾਨ ਅੱਗੇ ਜਾਂ ਤਾਂ ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੱਦ ਹੀ ਕਹਿ ਲਵੋ ਜਾਂ ਫਿਰ ਕੋਈ ਗੁਪਤ ਰਣਨੀਤੀ ਕਿ ਹੁਣ ਤਾਈਂ ਵੀ ਅਸਰਦਾਰ ਢੰਗ ਨਾਲ ਬਾਜਵਾ ਤੇ ਸਿੱਧੂ ਦੇ ਹੱਕ ਵਿਚ ਨਹੀਂ ਡਟ ਕੇ ਖੜ੍ਹ ਸਕੀ। ਕਾਂਗਰਸ ਦੇ ਇਸ ਕੌਮੀ ਸੰਕਟ ਦੇ ਦੌਰ ਵਿਚ ਕੈਪਟਨ ਸਰਕਾਰ ਲਈ ਇਹ ਉਪਰੋਕਤ ਕੁਝ ਨੁਕਤੇ ਆਕਸੀਜਨ ਦਾ ਕੰਮ ਜ਼ਰੂਰ ਕਰਦੇ ਹਨ। ਪਰ ਕੁੱਲ ਮਿਲਾ ਕੇ ਕਾਂਗਰਸ ਦੀ ਪੰਜਾਬ ਵਿਚ ਵੀ ਸਥਿਤੀ ਕੋਈ ਖਾਸ ਚੰਗੀ ਨਹੀਂ ਹੈ।