ਚੰਡੀਗੜ੍ਹ 'ਚ ਲੜਕੀ ਦਾ ਕਤਲ ਕਰਨ ਵਾਲਾ ਗ੍ਰਿਫਤਾਰ: ਹੋਲੀ ਵਾਲੇ ਦਿਨ ਹੋਟਲ 'ਚ ਲੜਕੀ ਦਾ ਕਤਲ ਕਰ ਕੇ ਹੋਇਆ ਸੀ ਫਰਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਉੱਥੇ ਕਤਲ ਦੇ ਕਾਰਨ ਦਾ ਪਤਾ ਲੱਗੇਗਾ।

photo

 

ਚੰਡੀਗੜ੍ਹ : ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਲੜਕੀ ਦੇ ਕਤਲ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।  ਮੁਲਜ਼ਮ ਦੀ ਪਛਾਣ ਆਸ਼ੀਸ਼ ਲੋਹਾਨੀ ਵਾਸੀ ਰਾਜੀਵ ਕਲੋਨੀ, ਮਾੜੀ ਮਾਜਰਾ, ਮੁਹਾਲੀ ਵਜੋਂ ਹੋਈ ਹੈ। ਇਹ ਘਟਨਾ ਬੀਤੇ ਸ਼ੁੱਕਰਵਾਰ ਨੂੰ ਵਾਪਰੀ ਸੀ। ਚੰਡੀਗੜ੍ਹ ਆ ਕੇ ਆਸ਼ੀਸ਼ ਹੋਲੀ ਵਾਲੇ ਦਿਨ ਪਿੰਡ ਕਿਸ਼ਨਗੜ੍ਹ ਦੇ ਹੋਟਲ ਕੈਮਰੂਨ ਵਿੱਚ ਇੱਕ ਲੜਕੀ ਨਾਲ ਰੁਕਿਆ ਸੀ।

ਬੀਤੇ ਸ਼ੁੱਕਰਵਾਰ ਸਵੇਰੇ ਲੜਕੀ ਕਮਰੇ 'ਚ ਬੇਹੋਸ਼ੀ ਦੀ ਹਾਲਤ 'ਚ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਹੋਟਲ ਮੈਨੇਜਰ ਵਿਜੇ ਕੁਮਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਲੜਕੀ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ (ਜੀ.ਐੱਮ.ਐੱਸ.ਐੱਚ.-16) ਲਿਜਾਇਆ ਗਿਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮੈਨੇਜਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਆਸ਼ੀਸ਼ ਲੋਹਾਨੀ ਅਤੇ ਇਕ ਲੜਕੀ ਅਲੀਨਾ 8 ਮਾਰਚ ਨੂੰ ਹੋਲੀ ਵਾਲੇ ਦਿਨ ਉਥੇ ਆਏ ਸਨ। ਲੜਕੀ ਮੂਲ ਰੂਪ ਤੋਂ ਨੇਪਾਲ ਦੇ ਡਾਂਗ ਜ਼ਿਲ੍ਹੇ ਦੇ ਪਿੰਡ ਘੋਰਈ ਦੀ ਰਹਿਣ ਵਾਲੀ ਸੀ। ਬੀਤੀ 10 ਤਰੀਕ ਨੂੰ ਸਵੇਰੇ 9.30 ਵਜੇ ਦੇ ਕਰੀਬ ਆਸ਼ੀਸ਼ ਹੇਠਾਂ ਆਇਆ ਅਤੇ ਕਿਹਾ ਕਿ ਉਹ ਨਾਸ਼ਤਾ ਕਰਨ ਜਾ ਰਿਹਾ ਹੈ। ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ।

ਲੜਕੀ ਦੀ ਗਰਦਨ 'ਤੇ ਕੱਟ ਦੇ ਨਿਸ਼ਾਨ ਸਨ। ਅਜਿਹੇ 'ਚ ਪੁਲਿਸ ਨੇ ਆਸ਼ੀਸ਼ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਉਸ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ। ਉੱਥੇ ਕਤਲ ਦੇ ਕਾਰਨ ਦਾ ਪਤਾ ਲੱਗੇਗਾ।