ਅਕਾਲੀ ਦਲ ਨੂੰ ਵੱਡਾ ਝਟਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ

Sharomni Akhali Dal

ਲੁਧਿਆਣਾ: ਲੋਕ ਸਭਾ ਚੋਣਾਂ 'ਚ ਅਕਾਲੀ ਦਲ ਤੇ ਭਾਜਪਾ ਦਾ ਬਾਈਕਾਟ ਕਰਨ ਲਈ ਸਿੱਖ ਤਾਲਮੇਲ ਮਿਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਵਿਚ ਕਈ ਸਿੱਖ ਜਥੇਬੰਦੀਆਂ ਸਣੇ, ਬਾਦਲ ਨੂੰ ਸਿਰੋਪਾ ਦੇਣ ਤੋਂ ਇਨਕਾਰ ਕਰਨ ਵਾਲੇ ਸੇਵਾਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸਤੀਫ਼ਾ ਦੇਣ ਵਾਲੇ ਪੰਜ ਪਿਆਰੇ ਵੀ ਸ਼ਾਮਲ ਹਨ। ਮਿਸ਼ਨ ਵੱਲੋਂ ਲੋਕਾਂ ਨੂੰ ਅਕਾਲੀ ਦਲ ਤੇ ਭਾਜਪਾ ਦਾ ਲੋਕ ਸਭਾ ਚੋਣਾਂ ਦੌਰਾਨ ਬਾਈਕਾਟ ਕਰਨ ਲਈ ਕਿਹਾ ਜਾ ਰਿਹਾ ਹੈ।

ਸਿੱਖ ਤਾਲਮੇਲ ਮਿਸ਼ਨ ਦੇ ਮੁਖੀ ਮਾਸਟਰ ਸੰਤੋਖ ਸਿੰਘ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਨੇ ਸਿੱਖ ਕੌਮ ਦੀਆਂ ਬੇਅਦਬੀਆਂ ਕਰਵਾ ਕੇ ਬਹੁਤ ਨੁਕਸਾਨ ਕੀਤਾ, ਇਸ ਕਰਕੇ ਸਿੱਖ ਕੌਮ ਅਕਾਲੀ ਦਲ ਤੇ ਭਾਜਪਾ ਨੂੰ ਵੋਟਾਂ ਨਾ ਪਾਉਣ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਦੇ ਪਰ ਬੀਬੀ ਖਾਲੜਾ ਦਾ ਸਮਰਥਨ ਜ਼ਰੂਰ ਕਰ ਰਹੇ ਹਨ।

ਉੱਧਰ ਸਿੱਖ ਤਾਲਮੇਲ ਮਿਸ਼ਨ ਦੇ ਕੋਆਰਡੀਨੇਟਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਦਾ ਮਕਸਦ ਪੰਜਾਬ ਭਰ 'ਚ ਸਿੱਖ ਕੌਮ ਨੂੰ ਬਾਦਲਾਂ ਦੇ ਖ਼ਿਲਾਫ਼ ਜਾਗਰੂਕ ਕਰਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਸਤੀਫ਼ਾ ਦੇਣ ਵਾਲੇ ਪੰਜ ਪਿਆਰਿਆਂ ਚੋਂ ਇੱਕ ਭਾਈ ਸਤਨਾਮ ਸਿੰਘ ਖੰਡਾ ਨੇ ਐਸਜੀਪੀਸੀ ਵੱਲੋਂ ਫਾਰਗ ਕੀਤੇ ਗਏ 523 ਮੁਲਾਜ਼ਮਾਂ ਦੇ ਮਾਮਲੇ 'ਤੇ ਬੋਲਦਿਆਂ ਕਿਹਾ ਹੈ ਕਿ ਇਹ ਸਿਰਫ਼ ਐਸਜੀਪੀਸੀ ਦੇ ਪ੍ਰਧਾਨਾਂ ਦੀ ਲੜਾਈ ਹੈ।

ਇਨ੍ਹਾਂ ਪ੍ਰਧਾਨਾਂ ਦੀ ਲੜਾਈ ਕਰਕੇ ਮੁਲਾਜ਼ਮਾਂ ਦਾ ਨੁਕਸਾਨ ਹੋਇਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾ ਪਾਉਣ ਤੋਂ ਇਨਕਾਰ ਕਰਨ ਵਾਲੇ ਹਜ਼ੂਰੀ ਅਰਦਾਸੀਏ ਭਾਈ ਬਲਬੀਰ ਸਿੰਘ ਨੇ ਕਿਹਾ ਕਿ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਸੀ ਤੇ ਅਸੀਂ ਅਜਿਹੇ ਵਿਅਕਤੀ ਨੂੰ ਸਿਰੋਪਾ ਦੇ ਕੇ ਸਨਮਾਨਤ ਨਹੀਂ ਕਰ ਸਕਦੇ।