ਮੰਗਾਂ ਪੂਰੀਆਂ ਨਾ ਹੋਣ ਮਗਰੋਂ ਬ੍ਰਿਜਿੰਦਰਾ ਕਾਲਜ ’ਚ BSC ਖੇਤੀਬਾੜੀ ਦਾ ਕੋਰਸ ਬੰਦ

ਏਜੰਸੀ

ਖ਼ਬਰਾਂ, ਪੰਜਾਬ

ਖੇਤੀਬਾੜੀ ਕੌਂਸਲ ਨੇ ਕਾਲਜ ’ਚ 25 ਏਕੜ ਜ਼ਮੀਨ, ਆਧੁਨਿਕ ਲੈਬਾਰਟਰੀ ਤੇ ਲੋੜੀਦੇ ਸਟਾਫ਼ ਦੀ ਕੀਤੀ ਸੀ ਮੰਗ

photo

 

ਫਰੀਦਕੋਟ : ਹੁਣ ਫਰੀਦਕੋਟ ਦੇ ਬ੍ਰਿਜਿੰਦਰਾ ਕਾਲਜ ਵਿਚੋਂ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਪੱਕੇ ਤੌਰ 'ਤੇ ਬੰਦ ਕਰ ਦਿਤੀ ਗਈ ਹੈ। ਖੇਤੀਬਾੜੀ ਕੌਂਸਲ ਅਨੁਸਾਰ ਖੇਤੀਬਾੜੀ ਵਿਭਾਗ ਵਿਚ ਕੁਝ ਕਮੀਆਂ ਸਨ ਜਿਹਨਾਂ ਨੂੰ ਦੂਰ ਨਹੀਂ ਕੀਤਾ ਗਿਆ ਜਿਸ ਕਰਕੇ ਬ੍ਰਿਜਿੰਦਰਾ ਕਾਲਜ ਦੇ ਇਸ ਵਿਭਾਗ ਨੂੰ ਬੀਐਸਸੀ ਖੇਤੀਬਾੜੀ ਲਈ ਦਾਖ਼ਲੇ ਕਰਨ ਲਈ ਮਨਜ਼ੂਰੀ ਨਹੀਂ ਮਿਲੀ। ਇਸ ਲਈ ਹੁਣ ਕਾਲਜ ਖੇਤੀਬਾੜੀ ਦੇ ਵਿਗਿਆਨੀ ਪੈਦਾ ਨਹੀਂ ਕਰੇਗਾ। 

ਜਾਣਕਾਰੀ ਮੁਤਾਬਕ ਕਾਲਜ ਵਿਚ 1942 ਵਿਚ ਬੀਐਸਸੀ ਖੇਤੀਬਾੜੀ ਸ਼ੁਰੂ ਕੀਤੀ ਗਈ ਸੀ ਅਤੇ ਇਸ ਕਾਲਜ ਵਿਚ 100 ਸੀਟਾਂ ਇਸ ਕੋਰਸ ਲਈ ਰਾਖਵੀਆਂ ਸਨ। ਇਹ ਮਾਲਵੇ ਦਾ ਇਕਲੌਤਾ ਸਰਕਾਰੀ ਕਾਲਜ ਹੈ ਜਿਥੇ ਬਹੁਤ ਥੋੜ੍ਹੀ ਫੀਸ ’ਤੇ ਬੀਐਸਸੀ ਖੇਤੀਬਾੜੀ ਪੜ੍ਹਾਈ ਜਾਂਦੀ ਸੀ। 

ਸਾਲ 2019 ਵਿਚ ਖੇਤੀਬਾੜੀ ਕੌਂਸਲ ਨੇ ਆਪਣੀਆਂ ਸੋਧੀਆਂ ਹੋਈਆਂ ਸ਼ਰਤਾਂ ਵਿਚ ਬ੍ਰਿਜਿੰਦਰਾ ਕਾਲਜ ਨੂੰ ਲਿਖਿਆ ਸੀ ਕਿ ਬੀਐਸਸੀ ਖੇਤੀਬਾੜੀ ਲਈ ਕਾਲਜ ਵਿਚ 25 ਏਕੜ ਜ਼ਮੀਨ, ਆਧੁਨਿਕ ਲੈਬਾਰਟਰੀ ਤੇ ਲੋੜੀਂਦਾ ਸਟਾਫ਼ ਹੋਣਾ ਲਾਜ਼ਮੀ ਹੈ ਪਰ ਕਾਲਜ ਇਹ ਸ਼ਰਤਾਂ ਪੂਰੀਆਂ ਨਹੀਂ ਕਰ ਸਕਿਆ, ਜਿਸ ਕਰ ਕੇ 2020 ਤੋਂ ਬਾਅਦ ਇਥੇ ਬੀਐਸਸੀ ਖੇਤੀਬਾੜੀ ਕੋਰਸ ਲਈ ਕੋਈ ਦਾਖ਼ਲਾ ਨਹੀਂ ਹੋਇਆ ਜਦਕਿ 2019 ਵਿਚ ਬੀਐਸਸੀ ਦਾ ਜਿਹੜਾ ਬੈਂਚ ਸ਼ੁਰੂ ਹੋਇਆ ਸੀ ਉਹ ਬੈਚ 10 ਮਈ 2023 ਨੂੰ ਇਮਤਿਹਾਨਾਂ ਤੋਂ ਬਾਅਦ ਕਾਲਜ ਵਿਚੋਂ ਵਿਦਾ ਹੋ ਗਿਆ।

ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੇਸ਼ਵ ਕੁਮਾਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਬੀਐਸਸੀ ਦੀ ਪੜ੍ਹਾਈ ਬਚਾਉਣ ਲਈ ਵਿਦਿਆਰਥੀਆਂ ਤੇ ਸ਼ਹਿਰ ਦੇ ਲੋਕਾਂ ਵਲੋਂ ਸੰਘਰਸ਼ ਵਿਢਿਆ ਗਿਆ ਸੀ। ਕਾਲਜ ਦੀ ਪ੍ਰਿੰਸੀਪਲ ਹਰਤੇਜ ਕੌਰ ਟਿਵਾਣਾ ਨੇ ਕਿਹਾ ਕਿ ਕਾਲਜ ਖੇਤੀਬਾੜੀ ਕੌਂਸਲ ਦੀਆਂ ਸ਼ਰਤਾਂ ਪੂਰੀਆਂ ਨਹੀ ਕਰ ਸਕਿਆ। ਇਸ ਕਰਕੇ ਕਾਲਜ ਵਿਚ ਬੀਐਸਸੀ ਖੇਤੀਬਾੜੀ ਦੀ ਪੜ੍ਹਾਈ ਬੰਦ ਹੋ ਗਈ ਹੈ।