ਰਾਜ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ : ਮੋਹਾਲੀ ਅਤੇ ਅੰਮ੍ਰਿਤਸਰ ਏਅਰਪੋਰਟ 'ਤੇ ਡਿਊਟੀ ਫਰੀ ਵਾਈਨ ਸ਼ਾਪਾਂ ਦੀ ਲਾਇਸੈਂਸ ਫੀਸ 'ਚ 100% ਵਾਧਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੂੰ ਹੁਣ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਸਥਿਤ ਡਿਊਟੀ ਫਰੀ ਵਾਈਨ ਸ਼ਾਪਾਂ ਤੋਂ 10 ਕਰੋੜ ਰੁਪਏ ਦੀ ਆਮਦਨ ਹੋਵੇਗੀ

photo

 

ਚੰਡੀਗੜ੍ਹ : ਪੰਜਾਬ ਸਰਕਾਰ ਨੂੰ ਹੁਣ ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਸਥਿਤ ਡਿਊਟੀ ਫਰੀ ਵਾਈਨ ਸ਼ਾਪਾਂ ਤੋਂ 10 ਕਰੋੜ ਰੁਪਏ ਦੀ ਆਮਦਨ ਹੋਵੇਗੀ। ਇਸ ਦੇ ਲਈ ਸਰਕਾਰ ਨੇ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਵਾਈਨ ਸ਼ਾਪ ਲਈ 6 ਕਰੋੜ ਰੁਪਏ ਅਤੇ ਅੰਮ੍ਰਿਤਸਰ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ 4 ਕਰੋੜ ਰੁਪਏ ਸਾਲਾਨਾ ਲਾਇਸੈਂਸ ਫੀਸ ਨਿਰਧਾਰਤ ਕੀਤੀ ਹੈ। ਰਾਜ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਮੋਹਾਲੀ ਹਵਾਈ ਅੱਡੇ 'ਤੇ ਆਗਮਨ ਖੇਤਰ ਵਿਚ L2 ਲਾਇਸੈਂਸ ਦੀ ਫੀਸ 2.5 ਕਰੋੜ ਰੁਪਏ ਅਤੇ ਰਵਾਨਗੀ ਲਈ 3.5 ਕਰੋੜ ਰੁਪਏ ਹੈ।

ਮੋਹਾਲੀ ਨੂੰ ਕੁਲ 6 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਦੂਜੇ ਪਾਸੇ ਅੰਮ੍ਰਿਤਸਰ ਵਿਚ L2 ਲਾਇਸੈਂਸ ਲਈ 1.6 ਕਰੋੜ ਰੁਪਏ ਆਗਮਨ ਲਈ ਅਤੇ 2.40 ਕਰੋੜ ਰੁਪਏ ਰਵਾਨਗੀ ਲਈ ਫ਼ੀਸ ਰੱਖੀ ਗਈ ਹੈ। ਅੰਮ੍ਰਿਤਸਰ ਤੋਂ ਕੁੱਲ 4 ਕਰੋੜ ਦਾ ਮਾਲੀਆ ਪ੍ਰਾਪਤ ਹੋਵੇਗਾ। ਜੇਕਰ ਨਿਲਾਮੀ ਹੁੰਦੀ ਹੈ ਤਾਂ ਲਾਇਸੈਂਸ ਫ਼ੀਸ ਤੋਂ ਹੋਣ ਵਾਲੀ ਆਮਦਨ ਹੋਰ ਵਧਣ ਦੀ ਉਮੀਦ ਹੈ। ਹੁਣ ਤੱਕ ਇਹ ਫੀਸ ਸਿਰਫ਼ 10 ਲੱਖ ਰੁਪਏ ਸਾਲਾਨਾ ਸੀ। ਇਸ ਸਬੰਧੀ ਆਬਕਾਰੀ ਤੇ ਕਰ ਵਿਭਾਗ ਨੇ ਏਅਰਪੋਰਟ ਅਥਾਰਟੀ ਨੂੰ ਪਹਿਲੀ ਤਰਜੀਹ ਸੌਂਪੀ ਹੈ।

ਪੰਜਾਬ ਸਰਕਾਰ ਦੇ ਅਨੁਮਾਨ ਅਨੁਸਾਰ ਮੁਹਾਲੀ ਵਿਚ ਹਰ ਸਾਲ 36.5 ਲੱਖ ਅਤੇ ਅੰਮ੍ਰਿਤਸਰ ਵਿਚ 25.16 ਲੱਖ ਯਾਤਰੀ ਆਉਂਦੇ ਹਨ। ਇਥੇ ਆਉਣ-ਜਾਣ ਵਾਲੇ ਲੋਕ ਵੀ ਇਥੋਂ ਹੀ ਸ਼ਰਾਬ ਖਰੀਦਦੇ ਹਨ, ਜਿਸ ਕਾਰਨ ਇਨ੍ਹਾਂ ਦੁਕਾਨਾਂ ਦੀ ਕਮਾਈ ਕਰੋੜਾਂ ਵਿਚ ਚਲਦੀ ਹੈ।

ਇਸੇ ਲਈ ਹੁਣ ਤੱਕ ਸਰਕਾਰ ਵੱਲੋਂ ਨਿਰਧਾਰਤ ਫੀਸਾਂ ਘੱਟ ਸਨ। ਹੁਣ ਸਰਕਾਰ ਨੇ ਨਿਰਧਾਰਤ ਫੀਸਾਂ ਵਿਚ 100 ਗੁਣਾ ਤੋਂ ਵੱਧ ਵਾਧਾ ਕਰ ਦਿਤਾ ਹੈ। ਅੰਮ੍ਰਿਤਸਰ ਏਅਰਪੋਰਟ 'ਤੇ ਇਸ ਦੁਕਾਨ ਰਾਹੀਂ ਪਹਿਲੀ ਵਾਰ ਵੱਖ-ਵੱਖ ਦੇਸ਼ਾਂ ਦੀ ਸ਼ਰਾਬ ਮਿਲੇਗੀ।

ਏਅਰਪੋਰਟ 'ਤੇ ਸਥਿਤ ਇਨ੍ਹਾਂ ਵਾਈਨ ਸ਼ਾਪਾਂ 'ਤੇ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਦੀ ਮਸ਼ਹੂਰ ਬ੍ਰਾਂਡ ਦੀ ਸ਼ਰਾਬ ਵਿਕਦੀ ਹੈ। ਜਿਸ ਵਿਚ ਕਈ ਸ਼ਰਾਬ ਦੀਆਂ ਬੋਤਲਾਂ ਦੀ ਕੀਮਤ ਲੱਖਾਂ ਰੁਪਏ ਤੱਕ ਜਾਂਦੀ ਹੈ। ਇਸ ਦੁਕਾਨ ਵਿਚ ਦੇਸ਼-ਵਿਦੇਸ਼ ਦੇ ਸਾਰੇ ਬ੍ਰਾਂਡ ਰੱਖੇ ਹੋਏ ਹਨ। ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀ ਇਨ੍ਹਾਂ ਦੁਕਾਨਾਂ ਤੋਂ ਵਾਈਨ-ਸਕਾਚ ਜਾਂ ਵਿਸਕੀ ਲੈਂਦੇ ਹਨ। ਇਹ ਸ਼ਰਾਬ ਆਮ ਠੇਕਿਆਂ 'ਤੇ ਨਹੀਂ ਮਿਲਦੀ।