Lok Sabha Elections 2024: 10 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਸਾਬਕਾ CM ਚਰਨਜੀਤ ਸਿੰਘ ਚੰਨੀ; ਅੰਮ੍ਰਿਤਪਾਲ ਸਿੰਘ ਕੋਲ ਸਿਰਫ਼ 1000 ਰੁਪਏ

ਏਜੰਸੀ

ਖ਼ਬਰਾਂ, ਪੰਜਾਬ

ਚੋਣ ਹਲਫ਼ਨਾਮੇ ਅਨੁਸਾਰ ਰਵਨੀਤ ਸਿੰਘ ਬਿੱਟੂ ਕੋਲ ਹੁਣ ਕੁੱਲ 5 ਕਰੋੜ 52 ਲੱਖ ਰੁਪਏ ਦੀ ਜਾਇਦਾਦ (ਪਤਨੀ ਸਮੇਤ) ਹੈ

Assets declared by punjab lok sabha candidates

Lok Sabha Elections 2024: ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੀਤੇ ਦਿਨ 10 ਮਈ ਨੂੰ ਅਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਚੋਣ ਕਮਿਸ਼ਨ ਕੋਲ ਨਾਮਜ਼ਦਗੀ ਪੱਤਰਾਂ ਦੇ ਨਾਲ ਦਿਤੇ ਹਲਫ਼ਨਾਮੇ ਅਨੁਸਾਰ ਰਵਨੀਤ ਸਿੰਘ ਬਿੱਟੂ ਕੋਲ ਹੁਣ ਕੁੱਲ 5 ਕਰੋੜ 52 ਲੱਖ ਰੁਪਏ ਦੀ ਜਾਇਦਾਦ (ਪਤਨੀ ਸਮੇਤ) ਹੈ, ਜਦਕਿ 2019 ਦੀਆਂ ਚੋਣਾਂ ਦੌਰਾਨ ਬਿੱਟੂ ਕੋਲ 5 ਕਰੋੜ 42 ਲੱਖ ਦੀ ਜਾਇਦਾਦ ਸੀ।

ਬਿੱਟੂ ਕੋਲ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 44 ਲੱਖ ਰੁਪਏ ਅਤੇ 3.08 ਕਰੋੜ ਰੁਪਏ ਹੈ। ਉਨ੍ਹਾਂ ਦੇ ਬੈਂਕ ਖਾਤੇ ਵਿਚ 10.69 ਲੱਖ ਰੁਪਏ ਜਮ੍ਹਾਂ ਹਨ, ਇਸ ਤੋਂ ਇਲਾਵਾ ਭਾਜਪਾ ਉਮੀਦਵਾਰ ਕੋਲ 6.70 ਲੱਖ ਦੇ ਗਹਿਣੇ ਹਨ। ਰਵਨੀਤ ਸਿੰਘ ਬਿੱਟੂ ਕੋਲ ਮਾਰੂਤੀ ਐਸਟੀਮ ਕਾਰ ਹੈ, ਜੋ ਕਿ 27 ਸਾਲ ਪੁਰਾਣੀ ਹੈ ਅਤੇ ਇਸ ਦੀ ਕੀਮਤ 40 ਹਜ਼ਾਰ ਰੁਪਏ ਹੈ। ਇਸ ਤੋਂ ਇਲਾਵਾ ਬਿੱਟੂ ਕੋਲ ਅਪਣੀ ਕੋਈ ਗੱਡੀ ਨਹੀਂ ਹੈ। 2019 ਦੇ ਹਲਫ਼ਨਾਮੇ ਅਨੁਸਾਰ ਬਿੱਟੂ ਖ਼ਿਲਾਫ਼ ਕੁੱਲ ਤਿੰਨ ਕੇਸ ਸਨ, ਜਿਨ੍ਹਾਂ ਵਿਚੋਂ 2 ਕੇਸ ਬੰਦ ਕਰ ਦਿਤੇ ਗਏ ਸਨ, ਜਦਕਿ 2024 ਦੇ ਹਲਫ਼ਨਾਮੇ ਅਨੁਸਾਰ ਬਿੱਟੂ ਖ਼ਿਲਾਫ਼ ਇਕ ਪੁਰਾਣਾ ਕੇਸ ਚੱਲ ਰਿਹਾ ਹੈ ਅਤੇ ਦੋ ਨਵੇਂ ਕੇਸ ਦਰਜ ਕੀਤੇ ਗਏ ਹਨ।

10 ਕਰੋੜ ਦੀ ਜਾਇਦਾਦ ਦੇ ਮਾਲਕ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਜਲੰਧਰ ਲੋਕ ਸਭਾ ਹਲਕੇ ਲਈ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਚੋਣ ਕਮਿਸ਼ਨ ਕੋਲ ਨਾਮਜ਼ਦਗੀ ਪੱਤਰਾਂ ਦੇ ਨਾਲ ਦਿਤੇ ਹਲਫ਼ਨਾਮੇ ਅਨੁਸਾਰ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 2.87 ਕਰੋੜ ਅਤੇ 7.29 ਕਰੋੜ ਰੁਪਏ ਹਨ। ਉਨ੍ਹਾਂ ਦੇ ਬੈਂਕ ਖਾਤੇ ਵਿਚ 1.41 ਕਰੋੜ ਰੁਪਏ ਰਾਸ਼ੀ ਜਮ੍ਹਾਂ ਹਨ ਜਦਕਿ ਉਨ੍ਹਾਂ ਕੋਲ 30.60 ਲੱਖ ਦੇ ਗਹਿਣੇ ਹਨ। ਸਾਬਕਾ ਮੁੱਖ ਮੰਤਰੀ ਕੋਲ 78.56 ਲੱਖ ਦੇ ਵਾਹਨ ਹਨ, ਜਿਨ੍ਹਾਂ ਵਿਚ 2 ਟੋਇਟਾ ਫਾਰਚੂਨਰ ਕਾਰਾਂ ਅਤੇ ਕੀਆ ਸੇਲਟੋਸ 2020 ਮਾਡਲ ਸ਼ਾਮਲ ਹਨ। 2022 ਵਿਚ ਚੰਨੀ ਵਲੋਂ 6.29 ਕਰੋੜ ਦੀ ਜਾਇਦਾਦ (ਪਤਨੀ ਸਮੇਤ) ਦਾ ਐਲਾਨ ਕੀਤਾ ਗਿਆ ਜੋ ਕਿ 2024 ਵਿਚ ਵਧ ਕੇ 10.16 ਕਰੋੜ ਰੁਪਏ ਹੋ ਗਈ ਹੈ।

ਐਨਕੇ ਸ਼ਰਮਾ ਦੀ ਜਾਇਦਾਦ 32 ਕਰੋੜ

ਚੋਣ ਕਮਿਸ਼ਨ ਨੂੰ ਦਿਤੇ ਹਲਫਨਾਮੇ ਮੁਤਾਬਕ ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਦੀ ਕੁੱਲ ਜਾਇਦਾਦ 32.01 ਕਰੋੜ ਰੁਪਏ ਹੈ ਜੋ ਕਿ 2022 ਵਿਚ 23.71 ਕਰੋੜ ਰੁਪਏ ਸੀ। 54 ਸਾਲਾ ਅਕਾਲੀ ਆਗੂ ਦੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 20.24 ਕਰੋੜ ਅਤੇ 11.67 ਕਰੋੜ ਰੁਪਏ ਹੈ। ਉਨ੍ਹਾਂ ਦੇ ਬੈਂਕ ਖਾਤੇ ਵਿਚ 6.5 ਲੱਖ ਰੁਪਏ ਜਮ੍ਹਾਂ ਹਨ। ਐਨਕੇ ਸ਼ਰਮਾ ਵਲੋਂ 13.27 ਕਰੋੜ ਦਾ ਬਾਂਡਾਂ ਵਿਚ ਨਿਵੇਸ਼ ਕੀਤਾ ਹੋਇਆ ਹੈ ਜਦਕਿ ਉਨ੍ਹਾਂ ਕੋਲ 48.32 ਲੱਖ ਦੇ ਗਹਿਣੇ ਹਨ। ਹਲਫਨਾਮੇ ਮੁਤਾਬਕ ਅਕਾਲੀ ਉਮੀਦਵਾਰ ਕੋਲ ਅਪਣਾ ਕੋਈ ਵਾਹਨ ਨਹੀਂ ਹੈ।

AAP ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਜਾਇਦਾਦ ਦਾ ਵੇਰਵਾ

ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਨਾਮਜ਼ਦਗੀ ਭਰੀ ਹੈ। ਚੋਣ ਕਮਿਸ਼ਨ ਕੋਲ ਨਾਮਜ਼ਦਗੀ ਪੱਤਰਾਂ ਦੇ ਨਾਲ ਦਿਤੇ ਹਲਫ਼ਨਾਮੇ ਅਨੁਸਾਰ ਖੁੱਡੀਆਂ ਦੀ ਚੱਲ ਜਾਇਦਾਦ 63.79 ਲੱਖ ਅਤੇ ਅਚੱਲ 2.37 ਕਰੋੜ ਰੁਪਏ ਹੈ। ਖੁੱਡੀਆਂ ਦੇ ਬੈਂਕ ਖਾਤੇ ਵਿਚ 72.54 ਲੱਖ ਰੁਪਏ ਜਮ੍ਹਾਂ ਹਨ ਜਦਕਿ ਉਨ੍ਹਾਂ ਕੋਲ 7.80 ਲੱਖ ਦੇ ਗਹਿਣੇ ਹਨ। 61 ਸਾਲਾ ‘ਆਪ’ ਆਗੂ ਕੋਲ 1 ਲੱਖ ਰੁਪਏ ਦੀ ਮਹਿੰਦਰਾ ਵੇਰੀਟੋ ਕਾਰ ਹੈ। ਗੁਰਮੀਤ ਸਿੰਘ ਖੁੱਡੀਆਂ ਵਲੋਂ 2022 ਵਿਚ 2.59 ਕਰੋੜ ਦੀ ਜਾਇਦਾਦ (ਪਤਨੀ ਸਮੇਤ) ਦਾ ਐਲਾਨ ਕੀਤਾ ਗਿਆ ਸੀ ਜੋ ਕਿ 2024 ਵਿਚ 3.01 ਕਰੋੜ ਰੁਪਏ ਹੋ ਗਈ ਹੈ।

ਆਪ ਉਮੀਦਵਾਰ ਚੱਬੇਵਾਲ 20 ਕਰੋੜ ਦੀ ਜਾਇਦਾਦ ਦੇ ਮਾਲਕ

ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ 20 ਕਰੋੜ ਦੀ ਜਾਇਦਾਦ ਦੇ ਮਾਲਕ ਹਨ, ਜੋ ਕਿ 2019 ਵਿਚ 14.65 ਕਰੋੜ ਰੁਪਏ ਸੀ। ਚੋਣ ਕਮਿਸ਼ਨ ਨੂੰ ਦਿਤੇ ਹਲਫਨਾਮੇ ਮੁਤਾਬਕ ਚੱਬੇਵਾਲ ਕੋਲ 7.18 ਕਰੋੜ ਦੀ ਚੱਲ ਅਤੇ 13.68 ਕਰੋੜ ਦੀ ਅਚੱਲ ਜਾਇਦਾਦ ਹੈ। 54 ਸਾਲਾ ‘ਆਪ’ ਉਮੀਦਵਾਰ ਵਲੋਂ 4.47 ਕਰੋੜ ਦੇ ਬਾਂਡਾਂ ਵਿਚ ਨਿਵੇਸ਼ ਕੀਤਾ ਗਿਆ ਹੈ ਜਦਕਿ ਉਨ੍ਹਾਂ ਕੋਲ 48.18 ਲੱਖ ਦੇ ਗਹਿਣੇ ਹਨ। ਰਾਜ ਕੁਮਾਰ ਚੱਬੇਵਾਲ ਕੋਲ 74 ਲੱਖ ਰੁਪਏ ਦੇ ਵਾਹਨ ਹਨ।

ਤਰਨਜੀਤ ਸਿੰਘ ਸੰਧੂ ਦੀ ਜਾਇਦਾਦ 40 ਕਰੋੜ ਰੁਪਏ

ਅੰਮ੍ਰਿਤਸਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਅਪਣੇ ਚੋਣ ਹਲਫਨਾਮੇ ਅਨੁਸਾਰ ਕੁੱਲ 40 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ। 61 ਸਾਲਾ ਸੰਧੂ ਨੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਸੰਧੂ ਦੀ ਚੱਲ ਅਤੇ ਅਚੱਲ ਜਾਇਦਾਦ ਕ੍ਰਮਵਾਰ 10.88 ਕਰੋੜ ਅਤੇ 29 ਕਰੋੜ ਰੁਪਏ ਹਨ। ਉਨ੍ਹਾਂ ਦੇ ਬੈਂਕ ਖਾਤੇ ਵਿਚ 8.95 ਕਰੋੜ ਰੁਪਏ ਜਮ੍ਹਾਂ ਹਨ ਜਦਕਿ 33 ਲੱਖ ਦੇ ਗਹਿਣੇ ਹਨ। ਉਨ੍ਹਾਂ ਵਲੋਂ 1.59 ਕਰੋੜ ਦੇ ਸ਼ੇਅਰਾਂ ਵਿਚ ਨਿਵੇਸ਼ ਕੀਤਾ ਗਿਆ ਹੈ। ਭਾਜਪਾ ਉਮੀਦਵਾਰ ਦੇ ਨਾਂਅ ਉਤੇ ਕੋਈ ਵਾਹਨ ਨਹੀਂ ਹੈ।

ਅੰਮ੍ਰਿਤਪਾਲ ਸਿੰਘ ਕੋਲ ਸਿਰਫ਼ 1000 ਰੁਪਏ

ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਅਸਮ ਦੀ ਡਿਬਰੂਗਗੜ੍ਹ ਜੇਲ 'ਚ ਬੰਦ ਅੰਮ੍ਰਿਤਪਾਲ ਸਿੰਘ ਦੀ ਚੋਣ ਹਲਫਨਾਮੇ ਦੇ ਮੁਤਾਬਕ ਪਾਸ ਮਹਜ 1,000 ਰੁਪਏ ਦੀ ਜਾਇਦਾਦ ਹੈ। ਅੰਮ੍ਰਿਤਪਾਲ ਨੇ ਖਡੂਰ ਸਾਹਿਬ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਕੋਲ 18.37 ਲੱਖ ਰੁਪਏ ਦੀ ਚੱਲ ਜਾਇਦਾਦ ਹੈ। ਇਸ ਵਿਚ 20,000 ਰੁਪਏ ਨਕਦ, 14 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 4,000 ਜੀਬੀਪੀ (ਪਾਊਂਡ) ਦੇ ਬਰਾਬਰ 4,17,440 ਰੁਪਏ ਰੀਵੋਲਟ ਲਿਮਟਿਡ, ਲੰਡਨ, ਯੂਕੇ ਦੇ ਖਾਤੇ ਵਿਚ ਸ਼ਾਮਲ ਹਨ।