ਵਿਜੀਲੈਂਸ ਕਰ ਰਹੀ ਹੈ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜਾਇਦਾਦ ਦੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕੋਲ ਹਿਮਾਚਲ ਦੇ ਵਿੱਚ ਇੱਕ ਰਿਜ਼ੋਰਟ ਅਤੇ ਰਾਜਸਥਾਨ ਵਿਚ ਕਰੀਬ 150 ਏਕੜ ਜ਼ਮੀਨ ਵੀ ਹੈ।

Sadhu Singh Dharamsot

 

ਮੁਹਾਲੀ (ਚਰਨਜੀਤ ਸਿੰਘ ਸੁਰਖ਼ਾਬ): ਦਰੱਖਤਾਂ ਦੀ ਕਟਾਈ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਵਿਜੀਲੈਂਸ ਦੀ ਹਿਰਾਸਤ ਵਿੱਚ ਕੈਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਚੱਲ ਰਹੀ ਜਾਂਚ ਦੌਰਾਨ ਮੰਤਰੀ ਕੋਲ ਕਰੋੜਾਂ ਦੀ ਜਾਇਦਾਦ ਹੋਣ ਦਾ ਖੁਲਾਸਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਸਾਬਕਾ ਮੰਤਰੀ ਕੋਲ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਵੀ ਜਾਇਦਾਦ ਹੈ | ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਕੋਲ ਹਿਮਾਚਲ ਦੇ ਵਿੱਚ ਇੱਕ ਰਿਜ਼ੋਰਟ ਅਤੇ ਰਾਜਸਥਾਨ ਵਿਚ ਕਰੀਬ 150 ਏਕੜ ਜ਼ਮੀਨ ਵੀ ਹੈ।

Sadhu Singh Dharamsot

ਦੱਸ ਦੇਈਏ ਕਿ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ 10 ਜੂਨ ਨੂੰ ਹੋਈ ਪੇਸ਼ੀ ਦੌਰਾਨ ਵੀ ਸਾਬਕਾ ਮੰਤਰੀ ਦੀ ਜਾਇਦਾਦ ਸਬੰਧੀ ਮਾਮਲਾ ਸਾਹਮਣੇ ਆਇਆ ਸੀ | ਜਿਸ ਵਿੱਚ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਜਾਇਦਾਦ ਦੀ ਜਾਂਚ ਪੜਤਾਲ ਲਈ ਸਾਬਕਾ ਮੰਤਰੀ ਦਾ ਅਦਾਲਤ ਕੋਲੋਂ ਰਿਮਾਂਡ ਮੰਗਿਆ ਗਿਆ | ਜ਼ਿਕਰਯੋਗ ਹੈ ਕਿ ਵਿਜੀਲੈਂਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਧਰਮਸੋਤ ਵੱਲੋਂ ਬਣਾਈ ਜਾਇਦਾਦ ਵਿੱਚ ਭ੍ਰਿਸ਼ਟਾਚਾਰ ਕਰਕੇ ਕਮਾਏ ਪੈਸੇ ਦੀ ਵਰਤੋਂ ਤਾਂ ਨਹੀਂ ਕੀਤੀ ਗਈ। ਅਦਾਲਤ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਓਐਸਡੀ ਕਮਲਜੀਤ ਸਿੰਘ, ਚਮਕੌਰ ਸਿੰਘ ਦੇ ਰਿਮਾਂਡ ਵਿੱਚ 3 ਦਿਨ ਦਾ ਵਾਧਾ ਕੀਤਾ ਹੈ।

ਦੱਸ ਦੇਈਏ ਕਿ ਹੁਣ ਤੱਕ ਦੀ ਪੁੱਛਗਿੱਛ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਮੰਤਰੀ ਹੁੰਦਿਆਂ 11 ਜਾਇਦਾਦਾਂ ਬਣਾਈਆਂ ਸਨ | ਤੇ ਮੌਜੂਦਾ ਮਾਮਲੇ ਦੌਰਾਨ ਉਨ੍ਹਾਂ ਦੇ 3 ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਵਿਜੀਲੈਂਸ ਵੱਲੋਂ ਧਰਮਸੋਤ ਦੀਆਂ ਮੋਹਾਲੀ, ਰੋਪੜ, ਲੁਧਿਆਣਾ, ਪਟਿਆਲਾ, ਜ਼ੀਰਕਪੁਰ, ਖਰੜ ਅਤੇ ਰੂਪਨਗਰ 'ਚ ਜਾਇਦਾਦਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Vigilance Bureau

ਜ਼ਿਕਰਯੋਗ ਹੈ ਕਿ ਸੂਬੇ ਦੇ ਵਿਜੀਲੈਂਸ ਵਿਭਾਗ ਨੇ ਧਰਮਸੋਤ ਖਿਲਾਫ ਰੁੱਖਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲੈਣ ਤੇ ਤਬਾਦਲਿਆਂ ਦੇ ਲਈ ਰਿਸ਼ਵਤ ਲੈਣ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਕੀਤਾ ਹੈ | ਜਿਸਦੇ ਚੱਲਦੇ ਤਿੰਨ ਦਿਨ ਦੇ ਰਿਮਾਂਡ ਬਾਅਦ ਸਾਬਕਾ ਮੰਤਰੀ ਨੂੰ ਸ਼ੁਕਰਵਾਰ ਦੋਬਾਰਾ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ | ਇਸਤੋਂ ਬਾਅਦ ਮੋਹਾਲੀ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਹੋਰ ਤਿੰਨ ਦਿਨਾਂ ਰਿਮਾਂਡ 'ਤ ਭੇਜ ਦਿੱਤਾ ਗਿਆ ਹੈ ਤੇ ਹੁਣ 13 ਜੂਨ ਨੂੰ ਦੋਬਾਰਾ ਪੇਸ਼ੀ ਹੋਵੇਗੀ |