ਹੁਣ ਹੋਵੇਗੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜਾਇਦਾਦ ਦੀ ਜਾਂਚ, ਵਿਸ਼ੇਸ਼ ਕਮੇਟੀ ਦਾ ਗਠਨ 

ਏਜੰਸੀ

ਖ਼ਬਰਾਂ, ਖੇਡਾਂ

ਗ੍ਰਿਫ਼ਤਾਰੀ ਦੇ ਕੁੱਝ ਘੰਟੇ ਪਹਿਲਾਂ ਆਸਟ੍ਰੇਲੀਆ ਭੱਜਣ ਵਾਲਾ ਸੀ OSD ਚਮਕੌਰ ਸਿੰਘ 

Sadhu Singh Dahrmasot

ਮੰਤਰੀ ਰਹਿੰਦਿਆਂ ਬਣਾਈਆਂ 11 ਜਾਇਦਾਦਾਂ, 2 ਸਰਕਾਰੀ ਅਤੇ ਇੱਕ ਨਿੱਜੀ ਬੈਂਕ ਖ਼ਾਤੇ ਦੀ ਮਿਲੀ ਜਾਣਕਾਰੀ
ਵਿਜੀਲੈਂਸ ਨੇ ਮਾਲੀਆ ਅਧਿਕਾਰੀਆਂ ਤੋਂ ਮੰਗਿਆ ਸਾਰਾ ਰਿਕਾਰਡ 
ਚੰਡੀਗੜ੍ਹ :
ਜੰਗਲਾਤ ਵਿਭਾਗ ਵਿਚ ਘਪਲਾ ਕਰਨ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਚੀਫ਼ ਨੇ ਇਸ ਕੰਮ ਦੇ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਇਸ ਜਾਂਚ ਦੌਰਾਨ ਸ਼ੁਰੂਆਤ 'ਚ ਧਰਮਸੌਤ ਦੀਆਂ 11 ਜਾਇਦਾਦਾਂ ਦੀ ਜਾਣਕਾਰੀ ਮਿਲੀ ਹੈ, ਜੋ ਉਨ੍ਹਾਂ ਨੇ ਮੰਤਰੀ ਰਹਿੰਦਿਆਂ ਬਣਾਈਆਂ ਸਨ।

ਦੱਸ ਦੇਈਏ ਕਿ ਕੱਲ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਨੇ ਧਰਮਸੋਤ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਧਰਮਸੋਤ ਦੀ ਮੁਹਾਲੀ, ਰੋਪੜ, ਲੁਧਿਆਣਾ, ਪਟਿਆਲਾ, ਜ਼ੀਰਕਪੁਰ, ਖਰੜ ਅਤੇ ਰੂਪਨਗਰ 'ਚ ਜਾਇਦਾਦਾਂ ਦੀ ਜਾਣਕਾਰੀ ਮਿਲੀ ਹੈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਧਰਮਸੋਤ 2 ਸਰਕਾਰੀ ਅਤੇ ਇੱਕ ਨਿੱਜੀ ਬੈਂਕ ਖ਼ਾਤੇ ਦੀ ਜਾਣਕਾਰੀ ਵੀ ਮਿਲੀ ਹੈ। ਵਿਜੀਲੈਂਸ ਬਿਊਰੋ ਨੇ ਇਸ ਜਾਂਚ ਮਾਮਲੇ ਬਾਰੇ ਮਾਲੀਆ ਅਧਿਕਾਰੀਆਂ ਤੋਂ ਸਾਰਾ ਰਿਕਾਰਡ ਮੰਗਿਆ ਹੈ।

ਸਾਧੂ ਸਿੰਘ ਧਰਮਸੋਤ ਦੇ ਨਾਲ ਨਾਲ ਮੰਤਰੀ ਰਹਿੰਦਿਆਂ ਸੰਗਤ ਸਿੰਘ ਗਿਲਜ਼ੀਆਂ ਵੱਲੋਂ ਲਏ ਗਏ ਫ਼ੈਸਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਖੈਰ ਦੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐਨ.ਓ.ਸੀ. ਜਾਰੀ ਕਰਨ ਆਦਿ ਸਬੰਧੀ ਸੰਗਠਿਤ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਇਸ ਸਬੰਧੀ ਬਿਊਰੋ ਨੇ ਮੰਤਰੀ ਦੇ ਮੀਡੀਆ ਸਲਾਹਕਾਰ ਪ੍ਰੈੱਸ ਰਿਪੋਰਟਰ ਕਮਲਪ੍ਰੀਤ ਸਿੰਘ ਕਮਲ ਅਤੇ ਮੰਤਰੀ ਦੇ ਮੀਡੀਆ ਸਲਾਹਕਾਰ, ਚਮਕੌਰ ਸਿੰਘ, ਸੇਵਾਮੁਕਤ ਰੇਂਜ ਅਫਸਰ-ਕਮ-ਓ.ਐਸ.ਡੀ. ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। 

ਜਾਣਕਾਰੀ ਅਨੁਸਾਰ ਦੋਸ਼ੀ ਚਮਕੌਰ ਸਿੰਘ ਗ੍ਰਿਫ਼ਤਾਰੀ ਦੇ ਕੁੱਝ ਘੰਟੇ ਪਹਿਲਾਂ ਆਸਟ੍ਰੇਲੀਆ ਭੱਜਣ ਵਾਲਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਮੰਤਰੀ ਦੇ OSD ਚਮਕੌਰ ਸਿੰਘ ਨੇ ਦਿੱਲੀ ਤੋਂ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਰਾਹੀਂ ਪਰਥ (ਆਸਟ੍ਰੇਲੀਆ) ਜਾਣਾ ਸੀ। ਚਮਕੌਰ ਸਿੰਘ ਦੇ ਵਿਦੇਸ਼ ਜਾਨ ਬਾਰੇ ਠੇਕੇਦਾਰ ਹਰਮੋਹਿੰਦਰ ਸਿੰਘ ਨੇ ਖੁਲਾਸਾ ਕੀਤਾ ਸੀ ਜਿਸ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ 2 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।