ਪਿੰਡ ਛੱਤ ਵਿਖੇ ਹੋਏ ਅੰਨੇ ਕਤਲ ਮਾਮਲੇ ਦੀ ਮੋਹਾਲੀ ਪੁਲਿਸ ਨੇ ਸੁਲਝਾਈ ਗੁੱਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਛੱਤ ਵਿਖੇ ਰਾਤ ਨੂੰ ਫਾਰਮ ਹਾਊਸ ’ਚ 2 ਵਿਅਕਤੀਆਂ ਦਾ ਹੋਇਆ ਸੀ ਬੇਰਹਿਮੀ ਨਾਲ ਕਤਲ

Murder

ਚੰਡੀਗੜ੍ਹ: ਹਰਚਰਨ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਵਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਪਿੰਡ ਛੱਤ ਵਿਖੇ ਮਿਤੀ 08/09.07.2019 ਦੀ ਦਰਮਿਆਨੀ ਰਾਤ ਨੂੰ ਫਾਰਮ ਹਾਊਸ ’ਤੇ 2 ਵਿਅਕਤੀਆਂ ਦੇ ਹੋਏ ਅੰਨੇ ਕਤਲ ਕੇਸ ਨੂੰ ਮੋਹਾਲੀ ਪੁਲਿਸ ਵਲੋਂ 48 ਘੰਟਿਆਂ ਅੰਦਰ ਟਰੇਸ ਕਰਕੇ 1 ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।

ਭੁੱਲਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 09.07.2019 ਨੂੰ ਸਵੇਰੇ ਰਾਜੇਸ਼ ਖਾਨ ਵਾਸੀ ਪਿੰਡ ਛੱਤ ਨੇ ਪੁਲਿਸ ਨੂੰ ਇਤਲਾਹ ਦਿਤੀ ਸੀ ਕਿ ਉਸ ਦਾ ਪਿਤਾ ਫਜਲਦੀਨ ਪੁੱਤਰ ਕਰੀਮੂਦੀਨ ਉਮਰ ਕਰੀਬ 62 ਸਾਲ ਜੋ ਕਿ ਆਰ.ਐਮ. ਸਿੰਗਲਾ ਦੇ ਫਾਰਮ ਹਾਊਸ ਜੋ ਕਿ ਛੱਤ ਪਿੰਡ ਦੀ ਹੱਦ ਵਿਚ ਪੈਂਦਾ ਹੈ, ਵਿਖੇ ਚੌਕੀਦਾਰੀ ਕਰਦਾ ਸੀ। ਇਸ ਫਾਰਮ ਹਾਊਸ ਦੇ ਨੇੜੇ ਹੀ ਇਕਬਾਲ ਸਿੰਘ ਵਾਸੀ ਪਿੰਡ ਛੱਤ ਦੀ ਜ਼ਮੀਨ ਹੈ, ਜੋ ਰਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਝੂੰਗੀਆਂ ਨੇ ਠੇਕੇ ’ਤੇ ਲਈ ਹੋਈ ਹੈ।

ਜਿਥੇ ਉਸ ਨੇ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਹਨ ਅਤੇ ਅਜੇ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਪਿੰਡ ਰਾਘਵਪੁਰ ਥਾਣਾ ਮੀਨਾਪੁਰ ਜ਼ਿਲ੍ਹਾ ਮੁਜੱਫ਼ਰਪੁਰ (ਬਿਹਾਰ) ਉਮਰ ਕਰੀਬ 32 ਸਾਲ ਨੂੰ ਨੌਕਰ ਰੱਖਿਆ ਹੋਇਆ ਹੈ, ਜਿਸ ਕੋਲ ਮੁਦੱਈ ਦਾ ਪਿਤਾ ਅਕਸਰ ਗੱਲਾਂ-ਬਾਤਾਂ ਕਰਨ ਜਾਂ ਮੋਟਰ ਤੋਂ ਪਾਣੀ ਲੈਣ ਚਲਿਆ ਜਾਂਦਾ ਸੀ। ਮਿਤੀ 09.07.19 ਨੂੰ ਜਦੋਂ ਸਵੇਰੇ ਮੁਦੱਈ ਉਸ ਦੇ ਪਿਤਾ ਫਜਲਦੀਨ ਲਈ ਫਾਰਮ ਹਾਊਸ ’ਤੇ ਚਾਹ ਲੈ ਕੇ ਗਿਆ ਤਾਂ ਉਸ ਦੇ ਪਿਤਾ ਦੀ ਖ਼ੂਨ ਨਾਲ ਲੱਥਪੱਥ ਲਾਸ਼ ਇਕਬਾਲ ਸਿੰਘ ਦੀ ਮੋਟਰ ਦੇ ਨੇੜੇ ਪਈ ਸੀ ਅਤੇ ਅਜੇ ਕੁਮਾਰ ਦੀ ਲਾਸ਼ ਵੀ ਇਸ ਮੋਟਰ ਦੇ ਨੇੜੇ ਮੰਜੇ ਪਰ ਖ਼ੂਨ ਨਾਲ ਲੱਥਪੱਥ ਪਈ ਸੀ।

ਜਿਨ੍ਹਾਂ ਨੂੰ ਕੋਈ ਨਾ ਮਾਲੂਮ ਦੋਸ਼ੀਆਂ ਵਲੋਂ ਕਤਲ ਕਰ ਦਿਤਾ ਗਿਆ ਸੀ। ਮੁਦੱਈ ਰਾਜੇਸ਼ ਖਾਨ ਦੇ ਬਿਆਨ ਪਰ ਮੁਕੱਦਮਾ ਨੰਬਰ 237 ਮਿਤੀ 09.07.19 ਅ/ਧ 302,34 ਹਿੰ:ਦੰ: ਥਾਣਾ ਜੀਰਕਪੁਰ ਬਰਖਿਲਾਫ ਨਾ ਮਾਲੂਮ ਦੋਸ਼ੀਆਂ ਦੇ ਦਰਜ ਰਜਿਸਟਰ ਕੀਤਾ ਗਿਆ। ਭੁੱਲਰ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਇਸ ਦੋਹਰੇ ਅੰਨੇ ਕਤਲ ਕੇਸ ਦੇ ਹਾਲਤਾਂ ਦਾ ਮੌਕਾ ਪਰ ਨਿਰੀਖਣ ਕਰਨ ਉਪਰੰਤ ਇਸ ਕੇਸ ਨੂੰ ਜਲਦੀ ਹੱਲ ਕਰਨ ਲਈ ਮੁਕੱਦਮਾ ਦੀ ਤਫਤੀਸ਼ ਵੱਖ-ਵੱਖ ਥਿਊਰੀਆਂ ਦੇ ਆਧਾਰਿਤ ਕਰਨ ਵਾਸਤੇ ਸ਼੍ਰੀ ਵਰੁਣ ਸ਼ਰਮਾ,

ਆਈ.ਪੀ.ਐਸ. ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮੋਹਾਲੀ ਦੀ ਅਗਵਾਈ ਹੇਠ ਸ਼੍ਰੀ ਗੁਰਦੇਵ ਸਿੰਘ ਧਾਲੀਵਾਲ, ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ, ਸ਼੍ਰਈ ਗੁਰਬਖਸ਼ੀਸ਼ ਸਿੰਘ ਡੀ.ਐਸ.ਪੀ. ਸਰਕਲ ਡੇਰਾਬਸੀ, ਇੰਸਪੈਕਟਰ ਸਤਵੰਤ ਸਿੰਘ ਇੰਚਾਰਜ ਸੀ.ਆਈ.ਏ.ਸਟਾਫ਼ ਮੋਹਾਲੀ, ਇੰਸਪੈਕਟਰ ਗੁਰਚਰਨ ਸਿੰਘ ਮੁੱਖ ਅਫ਼ਸਰ ਥਾਣਾ ਜੀਰਕਪੁਰ ਅਤੇ ਇੰਸਪੈਕਟਰ ਜੋਗਿੰਦਰ ਸਿੰਘ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਡਿਊਟੀ ਲਗਾਈ ਗਈ। ਇਸ ਟੀਮ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਵੱਖ-ਵੱਖ ਥਿਊਰੀਆਂ ਦੇ ਆਧਾਰਿਤ ਤਫ਼ਤੀਸ਼ ਕੀਤੀ ਗਈ,

ਜਿਸ ਦੌਰਾਨ ਇਹ ਤਫਤੀਸ਼ੀ ਟੀਮ ਅਸਲ ਦੋਸ਼ੀ ਤੱਕ ਪਹੁੰਚਣ ਵਿਚ ਕਾਮਯਾਬ ਹੋਈ ਅਤੇ ਇਸ ਮੁਕੱਦਮੇ ਵਿਚ ਅਸ਼ੋਕ ਕੁਮਾਰ ਪੁੱਤਰ ਰਾਮ ਪ੍ਰਕਾਸ਼ ਪਾਸਵਾਨ ਵਾਸੀ ਪਿੰਡ ਸਕਰਵਿਹਾਰ ਥਾਣਾ ਸਮਸਤੀਪੁਰ ਜਿਲ੍ਹਾ ਸਮਸਤੀਪੁਰ (ਬਿਹਾਰ) ਹਾਲ ਵਾਸੀ ਮੋਟਰ ਪਰਮਜੀਤ ਸਿੰਘ ਪੁੱਤਰ ਰੁਲਦਾ ਰਾਮ ਵਾਸੀ ਪਿਡੰ ਛੱਤ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਹੋਈ ਅਤੇ ਇਸ ਦੋਹਰੇ ਕਤਲ ਕਾਂਡ ਦੇ ਸਾਥੀ ਦੋਸ਼ੀਆਂ ਸੰਤੇਸ਼ ਕੁਮਾਰ, ਸੂਰਜ ਕੁਮਾਰ, ਕ੍ਰਿਸ ਪੁੱਤਰਾਨ ਰਾਮਜਤਿਨ ਪਾਸਵਾਨ ਵਾਸੀ ਵਾਰਡ ਨੰਬਰ 5 ਪੰਚਪਰ ਰਸੇੜਾ ਜਿਲ੍ਹਾ ਸਮਸਤੀਪੁਰ (ਬਿਹਾਰ) ਦੀ ਗ੍ਰਿਫ਼ਤਾਰੀ ਲਈ ਪੁਲਿਸ ਪਾਰਟੀਆਂ ਬਿਹਾਰ ਲਈ ਰਵਾਨਾ ਕੀਤੀਆਂ ਗਈਆਂ ਹਨ,

ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਅਸ਼ੋਰ ਕੁਮਾਰ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਦੀ ਘਰਵਾਲੀ ਨਾਲ ਮ੍ਰਿਤਕ ਅਜੇ ਕੁਮਾਰ ਦੇ ਨਾਜਾਇਜ਼ ਸਬੰਧ ਸਨ, ਜਿਸ ਨੂੰ ਉਸ ਨੇ ਇਥੋਂ ਜਾਣ ਲਈ ਕਿਹਾ ਸੀ, ਪ੍ਰੰਤੂ ਉਹ ਅਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਸੀ। ਜਿਸ ਕਰਕੇ ਉਸ ਨੇ ਅਪਣਏ ਭਾਣਜਿਆ ਨਾਲ ਸਲਾਹ ਮਸ਼ਵਰਾ ਕਰਕੇ ਅਣਖ ਦੀ ਖਾਤਰ ਮਿਤੀ 08/09.07.2019 ਦੀ ਦਰਮਿਆਨੀ ਰਾਤ ਨੂੰ ਅਜੇ ਕੁਮਾਰ ਦਾ ਕਤਲ ਕਰ ਦਿਤਾ ਸੀ,

ਵਾਰਦਾਤ ਦੌਰਾਨ ਕੁੱਤੇ ਭੌਂਕਣ ਦੀ ਆਵਾਜ ਸੁਣ ਕੇ ਜਦੋਂ ਫਜਲਦੀਨ ਨੇ ਨੇੜੇ ਆ ਕੇ ਲਲਕਾਰਾ ਮਾਰਿਆ ਤਾਂ ਉਸ ਦੇ ਭਾਣਜੇ ਕ੍ਰਿਸ਼ ਨੇ ਫਜਲਦੀਨ ਨੂੰ ਜੱਫਾ ਮਾਰ ਕੇ ਧਰਤੀ ਉਤੇ ਸੁੱਟ ਲਿਆ ਅਤੇ ਉਸ ਦੇ ਸਿਰ ਵਿਚ ਇੱਟਾਂ ਮਾਰ ਕੇ ਉਸ ਦਾ ਵੀ ਕਤਲ ਕਰ ਦਿਤਾ ਸੀ। ਦੋਸ਼ੀ ਅਸ਼ੋਕ ਕੁਮਾਰ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਦੀ ਤਫ਼ਤੀਸ਼ ਜਾਰੀ ਹੈ।