ਲੇਹ ‘ਚ ਲਾਲੜੂ ਦਾ ਜਵਾਨ ਸ਼ਹੀਦ, ਅੱਜ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਫੌਜ ’ਚ ਤਾਇਨਾਤ ਪਿੰਡ ਧਰਮਗੜ੍ਹ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ...

Gurpreet Singh

ਮੋਹਾਲੀ:  ਭਾਰਤੀ ਫੌਜ ’ਚ ਤਾਇਨਾਤ ਪਿੰਡ ਧਰਮਗੜ੍ਹ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ (24) ਮੰਗਲਵਾਰ ਨੂੰ ਲੇਹ ‘ਚ ਫਾਇਰਿੰਗ ਪ੍ਰੈਕਟਿਸ ਦੌਰਾਨ ਹੋਏ ਧਮਾਕੇ ‘ਚ ਸ਼ਹੀਦ ਹੋ ਗਿਆ। ਵੀਰਵਾਰ ਨੂੰ ਹਵਾਈ ਜਹਾਜ਼ ਰਾਹੀਂ ਜਵਾਨ ਦੀ ਮ੍ਰਿਤਕ ਦੇਹ ਲੇਹ ਤੋਂ ਚੰਡੀਗੜ੍ਹ ਪੁੱਜੇਗੀ। ਪਿੰਡ ਪੁੱਜਣ ‘ਤੇ ਸਰਕਾਰੀ ਸਨਮਾਨਾਂ ਨਾਲ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਗੁਰਪ੍ਰੀਤ ਸਿੰਘ ਲੇਹ ਤੋਂ ਕਰੀਬ 25 ਕਿਲੋਮੀਟਰ ਦੂਰ ਲਿੰਬੂ ਨਾਂ ਦੀ ਥਾਂ ‘ਤੇ ਇਕ ਹਫਤੇ ਦੀ ਟ੍ਰੇਨਿੰਗ ‘ਤੇ ਆਪਣੀ ਯੂਨਿਟ ਨਾਲ ਗਿਆ ਹੋਇਆ ਸੀ, ਜਿੱਥੇ ਆਰ.ਸੀ.ਐੱਲ. ਚਲਾਉਂਦੇ ਸਮੇਂ ਹੋਏ ਧਮਾਕੇ ‘ਚ ਉਹ ਸ਼ਹੀਦ ਹੋ ਗਿਆ। ਗੁਰਪ੍ਰੀਤ ਸਿੰਘ ਦੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪ੍ਰੈਕਟਿਸ ਦਾ ਮੰਗਲਵਾਰ ਨੂੰ ਆਖਰੀ ਦਿਨ ਸੀ।

ਸ਼ਹੀਦ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਟ੍ਰੇਨਿੰਗ ਕੈਂਪ ‘ਚ ਜਾਣ ਤੋਂ ਪਹਿਲਾਂ ਸ਼ਹੀਦ ਗੁਰਪ੍ਰੀਤ ਸਿੰਘ ਨੇ ਆਪਣੀ ਭੈਣ ਰੇਨੂ ਬਾਲਾ ਨਾਲ ਗੱਲ ਕੀਤੀ ਅਤੇ ਕਿਹਾ ਕਿ ਉਹ ਲੇਹ ਤੋਂ 25 ਕਿਲੋਮੀਟਰ ਦੂਰ ਪ੍ਰੈਕਟਿਸ ਕੈਂਪ ‘ਚ ਜਾ ਰਿਹਾ ਹੈ, ਉੱਥੋਂ ਆ ਕੇ ਉਹ ਪਰਿਵਾਰ ਨਾਲ ਫਿਰ ਗੱਲ ਕਰੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਹੁਣ ਪਰਿਵਾਰ ਵਾਲਿਆਂ ਨਾਲ ਕਦੇ ਗੱਲ ਨਹੀਂ ਹੋਵੇਗੀ।