ਡਾਇਰੈਕਟਰ ਪੰਚਾਇਤ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੰਤਰੀ ਤ੍ਰਿਪਤ ਬਾਜਵਾ ਵੀ ਹੋਏ ਇਕਾਂਤਵਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀ ਨੇ ਬੀਤੇ ਦਿਨੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਸੀ ਮੀਟਿੰਗ

Tripat bajwa

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਹੁਣ ਉੱਚ ਅਧਿਕਾਰੀਆਂ ਤੇ ਸਰਕਾਰ ਦੇ ਵੱਡੇ ਦਫ਼ਤਰਾਂ ਨੂੰ ਲਪੇਟ ਵਿਚ ਲੈ ਰਿਹਾ ਹੈ। 2 ਆਈਏਐਸ ਅਧਿਕਾਰੀਆਂ ਸਣੇ 20 ਦੇ ਕਰੀਬ ਉੱਚ ਅਧਿਕਾਰੀਆਂ ਦੀਆਂ ਵੱਖ ਵੱਖ ਜ਼ਿਲ੍ਹਿਆਂ 'ਚੋਂ ਪਾਜ਼ੇਟਿਵ ਰਿਪੋਰਟਾਂ ਆ ਚੁੱਕੀਆਂ ਹਨ।

ਸੂਬੇ ਦੇ ਪੰਚਾਇਤ ਤੇ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪਲ ਉਜਵਲ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਵਿਭਾਗ ਦੀ ਸਕੱਤਰ ਆਈ.ਏ.ਐਸ ਸੀਮਾ ਜੈਨ ਸਮੇਤ ਹੋਰ ਕਈ ਉੱਚ ਅਧਿਕਾਰੀ ਘਰਾਂ 'ਚ ਇਕਾਂਤਵਾਸ ਹੋ ਗਏ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਪਨ ਉਜਵਲ ਤੇ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਨਾਲ ਮੰਤਰੀ ਬਾਜਵਾ ਨੇ ਮੀਟਿੰਗ ਕੀਤੀ ਸੀ।

ਡਾਇਰੈਕਟਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬਾਜਵਾ ਤੇ ਹੋਰ ਅਧਿਕਾਰੀਆਂ ਦੇ ਇਕਾਂਤਵਾਸ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਹੋਏ ਹਨ। ਇਹ ਵੀ ਜ਼ਿਕਰਯੋਗ ਹੈ ਕਿ ਡਾਇਰੈਕਟਰ ਪੰਚਾਇਤ ਉਜਵਲ ਦੀ ਪਤਨੀ ਤੇ ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਦੀ ਵੀ ਪਹਿਲਾਂ ਹੀ ਪਾਜ਼ੇਟਿਵ ਰਿਪੋਰਟ ਆ ਚੁੱਕੀ ਹੈ।

ਇਸੇ ਦੌਰਾਨ ਅੱਜ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਖ਼ਤਰੇ ਅਤੇ ਉੱਚ ਅਧਿਕਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੇ ਵੱਧ ਰਹੇ ਕੇਸਾਂ ਬਾਅਦ ਪੰਜਾਬ ਸਕੱਤਰੇਤ ਤੇ ਮਿੰਨੀ ਸਕੱਤਰੇਤ 'ਚ ਅਗਲੇ ਹੁਕਮਾਂ ਤਕ ਆਮ ਲੋਕਾਂ ਦੇ ਦਾਖ਼ਲੇ 'ਤੇ ਪਾਬੰਦੀ ਲਾ ਦਿਤੀ ਹੈ। ਸਕੱਤਰੇਤ ਨੂੰ ਸੈਨੇਟਾਈਜ਼ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ।

ਪਿਛਲੇ ਦਿਨੀਂ ਸਕੱਤਰੇਤ ਵਿਚੋਂ ਰਿਕਾਰਡ ਤੇ ਲਾਇਬਰੇਰੀ ਬ੍ਰਾਂਚ ਦੇ ਇਕ ਮੁਲਾਜ਼ਮ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਕੱਤਰੇਤ ਦੀ 9ਵੀਂ ਮੰਜ਼ਲ ਤੇ ਕਈ ਬ੍ਰਾਂਚਾਂ ਨੂੰ ਸੀਲ ਕੀਤਾ ਗਿਆ ਹੈ ਤੇ 40 ਦੇ ਕਰੀਬ ਮੁਲਾਜ਼ਮਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਦੇਣ ਤੋਂ ਬਾਅਦ ਏਕਾਂਤਵਾਸ ਕੀਤਾ ਗਿਆ ਹੈ।

2 ਆਈ.ਏ.ਐਸ ਸਣੇ 20 ਤੋਂ ਵੱਧ ਅਫ਼ਸਰ ਪਾਜ਼ੇਟਿਵ- ਪਿਛਲੇ ਕੁਝ ਹੀ ਦਿਨਾਂ ਦੌਰਾਨ 2 ਆਈ.ਏ.ਐਸ ਅਫ਼ਸਰ ਸਣੇ 20 ਤੋਂ ਵੱਧ ਉੱਚ ਅਧਿਕਾਰੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ਵਿਚ 10 ਪੀ.ਸੀ.ਐਸ ਅਫ਼ਸਰ ਸ਼ਾਮਲ ਹਨ। ਦੋ ਏ.ਡੀ.ਸੀ ਪੱਧਰ ਦੇ ਅਤੇ 5 ਐਸ.ਡੀ.ਐਮ ਪੱਧਰ ਦੇ ਅਫ਼ਸਰਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਸੇ ਤਰ੍ਹਾਂ ਹੋਰ ਕਈ ਵਿਭਾਗਾਂ ਦੇ ਅਧਿਕਾਰੀ ਵੱਖ ਵੱਖ ਜ਼ਿਲ੍ਹਿਆਂ 'ਚੋਂ ਪਾਜ਼ੇਟਿਵ ਪਾਏ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।