ਦਿਹਾੜੀ-ਮਜ਼ਦੂਰੀ ਕਰਨ ਲਈ ਮਜਬੂਰ ਕੌਮੀ ਪੱਧਰ ਦਾ ਕੁਸ਼ਤੀ ਖਿਡਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦਾ ਚੈਂਪੀਅਨ ਰਾਮ ਕੁਮਾਰ ਕੌਮੀ ਪੱਧਰ 'ਤੇ ਜਿੱਤ ਚੁਕਿਆ ਹੈ ਕਈ ਤਮਗ਼ੇ 

Punjab News

ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਮਾਪੇ 
ਖਿਡਾਰੀ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਕਿਹਾ, ਖੇਡ ਜਾਰੀ ਰੱਖ ਕੇ ਪੰਜਾਬ ਅਤੇ  ਦੇਸ਼ ਦਾ ਨਾਂਅ ਕਰਨਾ ਚਾਹੁੰਦਾ ਹਾਂ ਰੌਸ਼ਨ 

ਫ਼ਰੀਦਕੋਟ (ਕੋਮਲਜੀਤ ਕੌਰ, ਸੁਖਜਿੰਦਰ ਸਹੋਤਾ) : ਜ਼ਿਲ੍ਹੇ ਦੇ ਪਿੰਡ ਰੱਤੀ ਰੋੜੀ ਦਾ ਕੁਸ਼ਤੀ ਖਿਡਾਰੀ ਰਾਮ ਕੁਮਾਰ ਦਿਹਾੜੀਆਂ ਕਰ ਕੇ ਪ੍ਰਵਾਰ ਦਾ ਗੁਜ਼ਾਰਾ ਕਰਨ ਲਈ ਮਜਬੂਰ ਹੈ। ਗੁਰਬਤ ਭਰੀ ਇਸ ਜ਼ਿੰਦਗੀ ਤੋਂ ਰਾਮ ਕੁਮਾਰ ਨੇ ਹਿੰਮਤ ਨਹੀਂ ਹਾਰੀ ਅਤੇ ਅਜੇ ਵੀ ਖੇਤਾਂ ਵਿਚ ਅਭਿਆਸ ਕਰ ਕਰਦਾ ਹੈ ਪਰ ਘਰ ਦੇ ਹਾਲਾਤ ਬਹੁਤੇ ਚੰਗੇ ਨਾ ਹੋਣ ਕਾਰਨ ਉਸ ਨੂੰ ਪੂਰੀ ਖ਼ੁਰਾਕ ਨਹੀਂ ਮਿਲ ਰਹੀ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਵਲੋਂ ਖਿਡਾਰੀ ਤਕ ਪਹੁੰਚ ਕੀਤੀ ਗਈ ਤਾਂ ਗਲਬਾਤ ਦੌਰਾਨ ਰਾਮ ਕੁਮਾਰ ਨੇ ਦਸਿਆ ਕਿ ਉਹ ਕੌਮੀ ਪੱਧਰ 'ਤੇ 51 ਕਿਲੋ ਭਾਰ ਵਰਗ ਵਿਚ ਕਈ ਮੈਡਲ ਦੇਸ਼ ਦੀ ਝੋਲੀ ਪਾ ਚੁਕਿਆ ਹੈ। ਖਿਡਾਰੀ ਦਾ ਕਹਿਣਾ ਹੈ ਕਿ ਆਰਥਕ ਤੰਗੀ ਦੇ ਚਲਦਿਆਂ ਪੂਰੀ ਖ਼ੁਰਾਕ ਅਤੇ ਹੋਰ ਸਹੂਲਤਾਂ ਨਾ ਮਿਲਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ:  ਦੁਕਾਨਾਂ ’ਤੇ ਸਰਿੰਜਾਂ ਵਿਚ ਭਰ ਕੇ ਵੇਚੀ ਜਾ ਰਹੀ ਜੈਲੀ, ਕੀ ਪੰਜਾਬ ਵਿਰੁਧ ਕੀਤੀ ਜਾ ਰਹੀ ਕੋਈ ਵੱਡੀ ਸਾਜ਼ਸ਼? 

ਰਾਮ ਕੁਮਾਰ ਦਾ ਸੁਪਨਾ ਹੈ ਕਿ ਉਹ ਅੱਗੇ ਵੀ ਅਪਣੀ ਖੇਡ ਜਾਰੀ ਰੱਖੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਸਕੇ। ਖਿਡਾਰੀ ਦੇ ਦੱਸਣ ਮੁਤਾਬਕ ਉਸ ਨੇ 12 ਵਾਰ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਪੰਜਾਬ ਦਾ ਚੈਂਪੀਅਨ ਰਹਿ ਚੁੱਕਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਰਾਮ ਕੁਮਾਰ ਨੇ ਦਸਿਆ ਕਿ ਉਹ ਮਹਾਰਾਸ਼ਟਰ, ਦਿੱਲੀ, ਅਸਾਮ ਅਤੇ ਬਿਹਾਰ ਸਮੇਤ 12 ਵਾਰ ਕੌਮੀ ਪੱਧਰ 'ਤੇ ਦੇਸ਼ ਵਲੋਂ ਖੇਡਿਆ ਜਿਸ ਵਿਚੋਂ ਪੰਜ ਵਾਰ ਤਮਗ਼ੇ ਹਾਸਲ ਕੀਤੇ ਹਨ। ਖਿਡਾਰੀ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਦੱਸ ਦੇਈਏ ਕਿ ਖਿਡਾਰੀ ਰਾਮ ਕੁਮਾਰ ਦੇ ਘਰ ਵਿਚ ਮਾਤਾ-ਪਿਤਾ ਤੋਂ ਇਲਾਵਾ ਇਕ ਹੋਰ ਭਰਾ ਹੈ ਜਿਨ੍ਹਾਂ ਦੀ ਮਦਦ ਉਹ ਹੁਣ ਖੇਤ ਵਿਚ ਮਜ਼ਦੂਰੀ ਕਰ ਕੇ ਕਰ ਰਿਹਾ ਹੈ। ਰਾਮ ਕੁਮਾਰ ਨੇ ਦਸਿਆ ਕਿ ਉਸ ਦੀਆਂ ਚਾਰ ਭੈਣਾਂ ਸਨ ਜਿਨ੍ਹਾਂ ਦਾ ਵਿਆਹ ਕਰ ਦਿਤਾ ਹੈ। ਖਿਡਾਰੀ ਦੇ ਮਾਪੇ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਖਿਡਾਰੀ ਮਜ਼ਦੂਰੀ ਦੇ ਨਾਲ-ਨਾਲ ਬੀ.ਏ. ਦੀ ਪੜ੍ਹਾਈ ਅਤੇ ਅਪਣੀ ਖੇਡ ਦਾ ਅਭਿਆਸ ਵੀ ਕਰਦਾ ਹੈ।

ਉਧਰ ਰਾਮ ਕੁਮਾਰ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬਹੁਤ ਮਿਹਨਤੀ ਹੈ। ਹੁਣ ਤਕ ਉਹ ਮਜ਼ਦੂਰੀ ਆਦਿ ਕਰ ਕੇ ਅਪਣੇ ਬੱਚੇ ਦੀ ਖ਼ੁਰਾਕ ਦਾ ਪ੍ਰਬੰਧ ਕਰਦੇ ਸਨ ਪਰ ਹੁਣ ਉਮਰ ਵਡੇਰੀ ਹੋਣ ਕਾਰਨ ਉਨ੍ਹਾਂ ਤੋਂ ਕੰਮ ਨਹੀਂ ਹੁੰਦਾ। ਰਾਮ ਕੁਮਾਰ ਦੀ ਮਾਂ ਦਾ ਸੁਪਨਾ ਹੈ ਕਿ ਉਹ ਅਪਣੇ ਬੱਚੇ ਨੂੰ ਨੌਕਰੀ ਕਰਦਾ ਹੋਇਆ ਦੇਖੇ। ਉਨ੍ਹਾਂ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਰਾਮ ਕੁਮਾਰ ਪੰਜਾਬ ਅਤੇ ਦੇਸ਼ ਲਈ ਖੇਡ ਕੇ ਵੱਡੇ ਪੱਧਰ 'ਤੇ ਨਾਂਅ ਰੌਸ਼ਨ ਕਰ ਸਕੇ।