ਮਾਛੀਵਾੜਾ 'ਚ ਕਰੋਨਾ ਨੇ ਫੜੀ ਰਫ਼ਤਾਰ, 6 ਨਵੇਂ ਮਾਮਲੇ ਆਏ ਸਾਹਮਣੇ, ਪ੍ਰਸ਼ਾਸਨ ਨੇ ਵੀ ਚੁੱਕੇ ਕਈ ਕਦਮ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਹਿਰ 'ਚ ਹੁਣ ਤਕ ਸਾਹਮਣੇ ਆ ਚੁੱਕੇ ਹਨ 49 ਮਾਮਲੇ

Corona Virus

ਮਾਛੀਵਾੜਾ ਸਾਹਿਬ, ਸਥਾਨਕ ਸ਼ਹਿਰ ਅੰਦਰ ਕਰੋਨਾ ਦੇ ਵਧਦੇ ਕੇਸਾਂ ਨੇ ਸਿਹਤ ਵਿਭਾਗ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਅੱਜ ਦੁਪਹਿਰ ਤਕ ਆਈਆਂ ਰਿਪੋਟਰਾਂ ਮੁਤਾਬਕ ਸ਼ਹਿਰ ਅੰਦਰ 6 ਹੋਰ ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਕਰੋਨਾ ਦੇ ਮਰੀਜ਼ ਸਾਹਮਣੇ ਆਉਣ ਬਾਅਦ ਪ੍ਰਸ਼ਾਸਨ ਮੁਸ਼ਤੈਦ ਹੋ ਗਿਆ ਹੈ।

ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਇਕ ਧਾਰਮਕ ਡੇਰੇ ਦੇ ਮੁੱਖ ਸੇਵਾਦਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਸਥਾਨਕ ਗੁਰੋਂ ਕਾਲੋਨੀ 'ਚ ਵੀ ਇਕ ਵਿਅਕਤੀ 'ਚ ਕਰੋਨਾ ਦੀ ਪੁਸ਼ਟੀ ਹੋਈ ਹੈ। ਭੱਟੀਆ ਸਥਿਤ ਧਾਗਾ ਫ਼ੈਕਟਰੀ ਦੇ ਇਕ ਮੁਲਾਜ਼ਮ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਸ਼ਹਿਰ ਦੇ ਇਕ 45 ਸਾਲਾ ਵਿਅਕਤੀ ਤੋਂ ਇਲਾਵਾ ਸਥਾਨਕ ਜਸਦੇਵ ਨਗਰ 'ਚੋਂ ਵੀ ਦੋ ਮਾਮਲੇ ਸਾਹਮਣੇ ਆਏ ਹਨ।

ਇਸੇ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਕੰਟੇਨਮੈਂਟ ਜ਼ੋਨ ਕਲਗੀਧਰ ਨਗਰ 'ਚ ਵੀ ਅੱਜ ਲੋਕਾਂ ਦੇ ਰੈਪਿਡ ਟੈਸਟ ਲਏ ਗਏ ਜਿਸ 'ਚ ਸਭਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਹਿਰ ਅੰਦਰ ਹੁਣ ਤਕ 49 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਹਿਰ ਦੇ ਪਾਸ਼ ਇਲਾਕਿਆਂ ਅੰਦਰੋਂ ਵੀ ਕਰੋਨਾ ਦੇ ਕੁੱਝ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਨੇੜੇ ਭੀੜੇ ਅਤੇ ਝੁੱਗੀ-ਝੌਂਪੜੀਆਂ ਵਾਲੇ ਇਲਾਕੇ ਵੀ ਮੌਜੂਦ ਹਨ ਜਿੱਥੇ ਵੱਡੀ ਗਿਣਤੀ ਪ੍ਰਵਾਸੀ ਵਸੇ ਹੋਏ ਹਨ। ਅਜਿਹੇ ਇਲਾਕਿਆਂ ਅੰਦਰ ਕਰੋਨਾ ਫ਼ੈਲਣ ਦੀ ਸੂਰਤ 'ਚ ਹਾਲਾਤ ਵਿਗੜ ਸਕਦੇ ਹਨ।

ਸਮਰਾਲਾ ਦੇ ਐਸਡੀਐਮ ਗੀਤਿਕਾ ਸਿੰਘ ਮੁਤਾਬਕ ਇਲਾਕੇ ਅੰਦਰ ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਥਾਨਕ ਸਿਵਲ ਹਸਪਤਾਲ ਅੰਦਰ ਕਰੋਨਾ ਦੇ ਟੈਸਟਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਹਸਪਤਾਲ ਅੰਦਰ ਰੋਜ਼ਾਨਾ 50 ਦੇ ਕਰੀਬ ਕਰੋਨਾ ਟੈਸਟ ਹੁੰਦੇ ਸਨ, ਜਿਨ੍ਹਾਂ ਦੀ ਗਿਣਤੀ ਵਧਾ ਕੇ ਹੁਣ 150 ਕਰ ਦਿਤੀ ਗਈ ਹੈ।

ਐਸਡੀਐਮ ਨੇ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਸਾਰੀਆਂ ਹਦਾਇਤਾਂ ਦੀ ਇਨਬਿਨ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਰੋਨਾ ਦੇ ਵਧਦੇ ਪ੍ਰਕੋਪ ਨੂੰ ਠੱਲ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਖੰਘ, ਬੁਖਾਰ ਜਾਂ ਕਰੋਨਾ ਵਰਗੇ ਹੋਰ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਸਿਵਲ ਹਸਪਤਾਲ ਜਾ ਕੇ ਅਪਣਾ ਟੈਸਟ ਕਰਵਾਉਣ ਜੋ ਸਰਕਾਰ ਵਲੋਂ ਮੁਫ਼ਤ ਕੀਤੇ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।