ਮਜੀਠੀਆ ਨੇ ਸਾਬਕਾ ਐਸਐਸਪੀ ਧਰੁਵ ਦਹੀਆ ਖਿਲਾਫ਼ ਖੋਲ੍ਹਿਆ ਮੋਰਚਾ, ਗੰਭੀਰ ਦੋਸ਼ਾਂ ਤਹਿਤ ਜਾਂਚ ਮੰਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਅਤੇ ਪੁਲਿਸ ਦੇ ਕੁੱਝ ਅਧਿਕਾਰੀਆਂ 'ਤੇ ਲਾਏ ਗੰਭੀਰ ਦੋਸ਼

Bikram Singh Majithia

ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸਰਕਾਰ ਖਿਲਾਫ਼ ਖੋਲ੍ਹੇ ਮੋਰਚੇ ਤਹਿਤ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਇਸ ਮਾਮਲੇ 'ਚ ਪੁਲਿਸ ਖਿਲਾਫ਼ ਵੀ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿਤੇ ਹਨ। ਇਸੇ ਤਹਿਤ ਤਰਨ ਤਾਰਨ ਦੇ ਸਾਬਕਾ ਐਸਐਸਪੀ ਧਰੁਵ ਦਾਹੀਆ 'ਤੇ ਗੰਭੀਰ ਦੋਸ਼ ਲਾਉਂਦਿਆਂ ਸ਼ਰਾਬ ਦੇ ਮਾਮਲੇ 'ਚ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਕਾਲੀ ਦਲ ਮੁਤਾਬਕ ਇਸ ਸਭ ਪਿੱਛੇ ਧਰੁਵ ਦਾਹੀਆ ਜ਼ਿੰਮੇਵਾਰ ਹੈ ਜਿਸ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਸ਼ਹਿ ਹੈ, ਭਾਵੇਂ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾ ਲਈ ਜਾਵੇ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਅੱਜ ਧਰੁਵ ਦਾਹੀਆ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਖੰਨਾ ਵਿਚ ਤਾਇਨਾਤੀ ਦੌਰਾਨ ਇਨ੍ਹਾਂ ਨੇ ਇਕ ਫਾਦਰ ਦੇ ਘਰੋਂ ਸੋਲਾਂ ਕਰੋੜ ਰੁਪਏ ਦੀ ਰਾਸ਼ੀ ਜਲੰਧਰ ਤੋਂ ਬਰਾਮਦ ਕਰਕੇ ਖੰਨਾ ਤੋਂ ਦਿਖਾਈ ਸੀ ਅਤੇ ਉਸ ਵਿਚੋਂ ਵੀ ਛੇ ਕਰੋੜ ਰੁਪਏ ਦਾ ਗਬਨ ਕੀਤਾ ਸੀ। ਇਨ੍ਹਾਂ 'ਚੋ ਡੇਢ ਕਰੋੜ ਦੀ ਐਸਐਸਪੀ ਦਾਹੀਆ ਕੋਲੋਂ ਰਿਕਵਰੀ ਅਜੇ ਬਾਕੀ ਹੈ ਪਰ ਇਸ ਮਾਮਲੇ 'ਚ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਬਣਾਈ ਐੱਸਆਈਟੀ ਵਲੋਂ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਦਹੀਆ ਖਿਲਾਫ਼ ਕਾਰਵਾਈ ਤਾਂ ਕੀ ਹੋਣੀ ਸੀ, ਉਲਟਾ ਉਸ ਨੂੰ ਇਕ ਹੋਰ ਵੱਡੇ ਜ਼ਿਲ੍ਹੇ ਤਰਨ ਤਾਰਨ ਦਾ ਐਸਐਸਪੀ ਲਗਾ ਦਿਤਾ। ਇਸੇ ਜ਼ਿਲ੍ਹੇ ਅੰਦਰ ਹੁਣ ਉਨ੍ਹਾਂ ਦੇ ਐਸਐਸਪੀ ਹੁੰਦਿਆਂ ਸਭ ਤੋਂ ਵੱਧ ਮੌਤਾਂ ਹੋਈਆਂ ਹਨ, ਜਿਸ ਲਈ ਸਿੱਧੇ ਤੌਰ 'ਤੇ ਧਰੁਵ ਹੀ ਜ਼ਿੰਮੇਵਾਰ ਹੈ। ਮਜੀਠੀਆ ਨੇ ਦੋਸ਼ ਲਗਾਇਆ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਆਸ਼ੀਰਵਾਦ ਧਰੁਵ ਦਾਹੀਆ ਨੂੰ ਇਸ ਕਦਰ ਹੈ ਕਿ ਉਨ੍ਹਾਂ ਦੀ ਕੋਈ ਵੀ ਗੱਲ ਡੀਜੀਪੀ ਦਫ਼ਤਰ ਵਲੋਂ ਮੋੜੀ ਨਹੀਂ ਜਾਂਦੀ।

ਮਜੀਠੀਆ ਨੇ ਕਿਹਾ ਕਿ ਤਰਨ ਤਾਰਨ ਜ਼ਹਿਰੀਲੀ ਸ਼ਰਾਬ ਕਾਂਡ ਲਈ ਐਸਐਚਓ ਅਤੇ ਡੀਐਸਪੀ ਜ਼ਿੰਮੇਵਾਰ ਹਨ ਤਾਂ ਉਨ੍ਹਾਂ ਨੂੰ ਚਲਾਉਣ ਵਾਲਾ ਐਸਐਸਪੀ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਮਜੀਠੀਆ ਮੁਤਾਬਕ ਜ਼ਹਿਰੀਲੀ ਸ਼ਰਾਬ ਕਾਂਡ ਵੀ ਕਾਂਗਰਸੀ ਆਗੂਆਂ ਅਤੇ ਕੁੱਝ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਦਾ ਨਤੀਜਾ ਹੈ, ਜਿਸ 'ਚ ਸੈਂਕੜੇ ਵਿਅਕਤੀ ਜਾਨਾਂ ਗੁਆ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।