ਤੀਜੀ ਵਾਰ ਵੀ ਵਿਜੀਲੈਂਸ ਸਾਹਮਣੇ ਨਹੀਂ ਪੇਸ਼ ਹੋਏ ਬਰਜਿੰਦਰ ਸਿੰਘ ਹਮਦਰਦ; ਕਿਸ ਚੀਜ਼ ਦਾ ਸਤਾ ਰਿਹਾ ਡਰ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਗ-ਏ-ਆਜ਼ਾਦੀ ਸਮਾਰਕ 'ਚ ਕਰੋੜਾਂ ਰੁਪਏ ਦਾ ਕੰਮ ਅਧੂਰਾ

Barjinder Singh Hamdard

 

ਜਲੰਧਰ: ਪੰਜਾਬ ਵਿਜੀਲੈਂਸ ਬਿਊਰੋ ਨੇ ਕਰਤਾਰਪੁਰ ਵਿਖੇ ਬਣੇ ਜੰਗ-ਏ-ਆਜ਼ਾਦੀ ਸਮਾਰਕ ਵਿਚ ਹੋਈ ਹੋਈ ਫੰਡਾਂ ਦੀ ਦੁਰਵਰਤੋਂ ਸਬੰਧੀ ‘ਅਜੀਤ’ ਜਲੰਧਰ ਦੇ ਮਾਲਕ, ਐਡੀਟਰ ਬਰਜਿੰਦਰ ਹਮਦਰਦ ਨੂੰ ਇਕ ਵਾਰ ਫਿਰ ਨੋਟਿਸ ਜਾਰੀ ਕੀਤਾ ਸੀ। ਤੀਜੀ ਵਾਰ ਨੋਟਿਸ ਜਾਰੀ ਹੋਣ ਦੇ ਬਾਵਜੂਦ ਉਹ ਪੇਸ਼ੀ ਲਈ ਨਹੀਂ ਪਹੁੰਚੇ। ਉਨ੍ਹਾਂ ਨੇ ਵਿਜੀਲੈਂਸ ਦਫ਼ਤਰ ਵਿਚ ਇਕ ਸੁਨੇਹਾ ਭੇਜ ਕੇ ਜਾਣਕਾਰੀ ਦਿਤੀ ਕਿ ਉਹ ਕਿਸੇ ਕਾਰਨ ਦਫ਼ਤਰ ਨਹੀਂ ਪੇਸ਼ ਹੋ ਸਕਣਗੇ।

ਇਸ ਦੌਰਾਨ ਐਸ.ਐਸ.ਪੀ. ਵਿਜੀਲੈਂਸ ਨੇ ਦਸਿਆ ਕਿ ਕਈ ਵਾਰ ਉਨ੍ਹਾਂ ਨੂੰ ਤਲਬ ਕੀਤਾ ਗਿਆ ਅਤੇ ਹਰ ਵਾਰ ਉਹ ਕੋਈ ਨਵਾਂ ਬਹਾਨਾ ਲਗਾ ਦਿੰਦੇ ਹਨ। ਉਨ੍ਹਾਂ ਦਸਿਆ ਕਿ ਅਗਲੀ ਕਾਰਵਾਈ ਹਾਈ ਕੋਰਟ ਵਿਚ ਸੁਣਵਾਈ ਮਗਰੋਂ ਕੀਤੀ ਜਾਵੇਗੀ। ਹਮਦਰਦ ਤੋਂ ਇਲਾਵਾ ਵਿਜੀਲੈਂਸ ਨੇ ਪੀ.ਡਬਲਿਊ.ਡੀ. ਦੇ ਤਤਕਾਲੀ 6 ਕਾਰਜਕਾਰੀ ਇੰਜਨੀਅਰਾਂ ਦੇ ਨਾਲ-ਨਾਲ ਆਈ.ਏ.ਐਸ. ਵਿਨੈ ਬੁਬਲਾਨੀ ਨੂੰ ਵੀ ਤਲਬ ਕੀਤਾ ਸੀ ਪਰ ਉਹ ਵੀ ਪੇਸ਼ੀ ਲਈ ਨਹੀਂ ਪਹੁੰਚੇ।

10 ਗੈਲਰੀਆਂ ਵਿਚੋਂ ਹੋਇਆ ਸਿਰਫ਼ 6 ਗੈਲਰੀਆਂ ਦਾ ਕੰਮ

ਵਿਜੀਲੈਂਸ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਵਲੋਂ ਗੋਦਰੇਜ ਕੰਪਨੀ ਨਾਲ ਕੀਤੇ ਸਮਝੌਤੇ ਅਨੁਸਾਰ ਕੰਪਨੀ ਨੇ 10 ਗੈਲਰੀਆਂ ਬਣਾਉਣੀਆਂ ਸਨ ਪਰ ਕੰਪਨੀ ਨੇ ਸਿਰਫ਼ 6 ਗੈਲਰੀਆਂ ਹੀ ਬਣਾਈਆਂ। ਜਿਥੇ ਗੋਦਰੇਜ ਕੰਪਨੀ ਨੇ ਸਮਝੌਤੇ ਅਨੁਸਾਰ 4 ਗੈਲਰੀਆਂ ਨਹੀਂ ਬਣਾਈਆਂ, ਉਥੇ ਹੀ ਗੈਲਰੀਆਂ ਵਿਚ ਮੂਰਤੀਆਂ ਵੀ ਨਹੀਂ ਬਣਾਈਆਂ ਗਈਆਂ। ਇਸ ਤੋਂ ਇਲਾਵਾ ਜੰਗ-ਏ-ਆਜ਼ਾਦੀ ਯਾਦਗਾਰ ਕਮੇਟੀ ਕੋਲ ਵੀ ਕੰਪਨੀ ਵਲੋਂ ਅਜਿਹੇ ਕੰਮ ਕਰਵਾਏ ਗਏ ਹਨ, ਜਿਨ੍ਹਾਂ ਦੇ ਟੈਂਡਰ ਵੀ ਨਹੀਂ ਨਿਕਲੇ ਸਨ। ਇਸ ਵਾਰ ਵਿਜੀਲੈਂਸ ਨੇ ਪੀ.ਡਬਲਿਊ.ਡੀ. ਦੇ ਤਤਕਾਲੀ 6 ਕਾਰਜਕਾਰੀ ਇੰਜਨੀਅਰਾਂ ਦੇ ਨਾਲ-ਨਾਲ ਆਈ.ਏ.ਐਸ. ਵਿਨੈ ਬੁਬਲਾਨੀ ਨੂੰ ਵੀ 11 ਅਗਸਤ ਨੂੰ ਤਲਬ ਕੀਤਾ ਹੈ। ਅਪਣੇ ਭੇਜੇ ਨੋਟਿਸ ਵਿਚ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜੇ ਜਵਾਬ ’ਤੇ ਅਸੰਤੁਸ਼ਟੀ ਪ੍ਰਗਟਾਈ ਹੈ।

 

ਬਰਜਿੰਦਰ ਹਮਦਰਦ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਵਿਜੀਲੈਂਸ

ਅਪਣੇ ਭੇਜੇ ਨੋਟਿਸ ਵਿਚ ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜੇ 17 ਸਵਾਲਾਂ ਦੇ ਜਵਾਬਾਂ ’ਤੇ ਅਸੰਤੁਸ਼ਟੀ ਪ੍ਰਗਟਾਈ ਸੀ। ਹਮਦਰਦ ਨੂੰ ਭੇਜੇ ਨੋਟਿਸ ਵਿਚ ਵਿਜੀਲੈਂਸ ਨੇ ਕਿਹਾ ਕਿ ਯਾਦਗਾਰ ਵਿਚ ਕਈ ਘਪਲੇ ਹੋਏ ਹਨ। ਗੋਦਰੇਜ ਕੰਪਨੀ ਜਿਸ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਵਿਚ ਬੁੱਤ ਬਣਾਉਣ ਅਤੇ ਗੈਲਰੀਆਂ ਬਣਾਉਣ ਦਾ ਕੰਮ ਦਿਤਾ ਗਿਆ ਸੀ। ਉਸ ਨੇ ਕੰਮ ਪੂਰਾ ਨਹੀਂ ਕੀਤਾ। ਹੁਣ ਵੀ ਯਾਦਗਾਰ ਦਾ ਕੰਮ ਅਧੂਰਾ ਪਿਆ ਹੈ। ਜਦਕਿ ਕੰਮ ਅਧੂਰਾ ਹੋਣ ਦੇ ਬਾਵਜੂਦ ਗੋਦਰੇਜ ਕੰਪਨੀ ਨੂੰ ਜੁਰਮਾਨਾ ਲਾਉਣ ਦੀ ਬਜਾਏ ਪੂਰੇ ਕੰਮ ਦੀ ਅਦਾਇਗੀ ਕਰ ਦਿਤੀ ਗਈ। ਵਿਜੀਲੈਂਸ ਨੇ ਆਪਣੇ ਭੇਜੇ ਨੋਟਿਸ ਵਿਚ ਬਰਜਿੰਦਰ ਸਿੰਘ ਹਮਦਰਦ ਨੂੰ ਕਿਹਾ ਹੈ ਕਿ ਉਹ ਨਾ ਤਾਂ ਸੰਮਨ ਕੀਤੇ ਜਾਣ 'ਤੇ ਵਿਜੀਲੈਂਸ ਦਫ਼ਤਰ ਵਿਚ ਹਾਜ਼ਰ ਹੁੰਦੇ ਹਨ ਅਤੇ ਨਾ ਹੀ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦਿੰਦੇ ਹਨ।