ਭਗਵੰਤ ਮਾਨ ਦਾ ਵੀ ਹੋਇਆ ਕਰੋਨਾ ਟੈਸਟ, ਰਿਪੋਰਟ ਨੂੰ ਲੈ ਕੇ ਵੱਖਰੇ ਅੰਦਾਜ਼ ਲਈ 'ਸਿਆਸੀ ਚੁਟਕੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੇ ਫੇਸਬੁੱਕ 'ਤੇ ਸਾਂਝੀ ਕੀਤੀ ਜਾਣਕਾਰੀ

Bhagwant Mann

ਚੰਡੀਗੜ੍ਹ : ਆਉਂਦੇ ਪਾਰਲੀਮੈਂਟ ਇਜਲਾਸ ਦੇ ਮੱਦੇਨਜ਼ਰ ਸੰਸਦ ਮੈਂਬਰਾਂ ਦੇ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ। ਇਸੇ ਤਹਿਤ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਕਰੋਨਾ ਟੈਸਟ ਲਈ ਸੈਂਪਲ ਦਿਤਾ ਹੈ। ਭਗਵੰਤ ਮਾਨ ਨੇ ਇਸ ਸਬੰਧੀ ਜਾਣਕਾਰੀ ਅਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ।

ਅਪਣੇ ਕਰੋਨਾ ਟੈਸਟ ਦੀ ਆਉਣ ਵਾਲੀ ਰਿਪੋਰਟ 'ਤੇ ਵਿਅੰਗਮਈ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਦੁਆ ਕਰਦੇ ਹਨ ਕਿ ਜਿਸ ਤਰ੍ਹਾਂ ਦੇਸ਼ ਦੀ ਜੀ.ਡੀ.ਪੀ. ਨੈਗੇਟਿਵ ਜਾ ਰਹੀ ਹੈ, ਉਸੇ ਤਰ੍ਹਾਂ ਉਨ੍ਹਾਂ ਦੀ ਕਰੋਨਾ ਰਿਪੋਰਟ ਵੀ ਨੈਗੇਟਿਵ ਹੀ ਆਵੇ।

ਅਪਣੇ ਫੇਸਬੁੱਕ ਪੇਜ਼ 'ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਰੋਨਾ ਟੈਸਟ ਲਈ ਸੈਂਪਲ ਦਿਤਾ ਹੈ, ਜਿਸ ਦੀ ਰਿਪੋਰਟ ਭਲਕੇ ਆ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਕਰੇ ਉਨ੍ਹਾਂ ਦੀ ਕਰੋਨਾ ਰਿਪੋਰਟ ਦੇਸ਼ ਦੀ ਜੀ.ਡੀ.ਪੀ. ਵਾਂਗ ਨੈਗੇਟਿਵ ਆਵੇ ਤਾਂ ਜੋ ਉਹ ਪਾਰਲੀਮੈਂਟ ਵਿਚ ਲੋਕਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰ ਸਕਣ।

ਕਾਬਲੇਗੌਰ ਹੈ ਕਿ ਭਗਵੰਤ ਮਾਨ ਅਪਣੀਆਂ ਵਿਅੰਗਮਈ ਬੇਬਾਕ ਟਿੱਪਣੀਆਂ ਕਾਰਨ ਜਾਣੇ ਜਾਂਦੇ ਹਨ। ਸੰਸਦ  ਦੇ ਅੰਦਰ ਅਤੇ ਬਾਹਰ ਜਦੋਂ ਵੀ ਉਹ ਕਿਸੇ ਮੁੱਦੇ 'ਤੇ ਬੋਲਦੇ ਹਨ ਜਾਂ ਕਿਸੇ 'ਤੇ ਵਿਰੋਧੀ 'ਤੇ ਸਿਆਸੀ ਨਿਸ਼ਾਨਾ ਸਾਧਦੇ ਹਨ ਤਾਂ ਉਨ੍ਹਾਂ ਦੀ ਵਿਅੰਗਮਈ ਸ਼ਬਦਾਵਲੀ ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਹੱਸਣ ਲਈ ਮਜ਼ਬੂਰ ਕਰ ਦਿੰਦੀ ਹੈ।  ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਅਜਿਹੀਆਂ ਢੇਰਾਂ ਹੀ ਪੋਸਟਾਂ ਮੌਜੂਦ ਹਨ ਜਿਨ੍ਹਾਂ ਨੂੰ ਵੱਡੀ ਗਿਣਤੀ ਲੋਕ ਫਾਲੋਅ ਕਰਦੇ ਹਨ।