ਮੋਗਾ ਵਿਖੇ ਭੁਜੀਆ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ; ਝੁਲਸਣ ਨਾਲ ਇਕ ਮਜ਼ਦੂਰ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੈਕਟਰੀ ਵਿਚ ਕੰਮ ਕਰ ਰਹੇ ਸਨ 10 ਤੋਂ 13 ਮਜ਼ਦੂਰ

Massive fire broke out in Moga Bhujia factory

 

ਮੋਗਾ: ਮੋਗਾ ਦੇ ਫੋਕਲ ਪੁਆਇੰਟ 'ਤੇ ਸਥਿਤ ਇਕ ਭੁਜੀਆ ਬਣਾਉਣ ਵਾਲੀ ਫੈਕਟਰੀ 'ਚ ਸੋਮਵਾਰ ਦੁਪਹਿਰ 12 ਵਜੇ ਅਚਾਨਕ ਅੱਗ ਲੱਗ ਗਈ। ਇਸ ਘਟਨਾ 'ਚ ਇਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਿਸ ਨੂੰ ਹਸਪਤਾਲ 'ਚ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਮੋਗਾ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਮ੍ਰਿਤਕ ਮਜ਼ਦੂਰ ਦੀ ਪਛਾਣ ਮੁਹੰਮਦ ਵਾਸੀ ਬਿਹਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਜ਼ੀਰਕਪੁਰ 'ਚ ਹਰਿਆਣਾ ਰੋਡਵੇਜ਼ ਨੇ ਮੋਟਰਸਾਈਕਲ ਸਵਾਰ ਭਰਾਵਾਂ ਨੂੰ ਮਾਰੀ ਟੱਕਰ, ਇਕ ਭਰਾ ਦੀ ਮੌਤ 

ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ ਵਿਚ ਭਿਆਨਕ ਅੱਗ ਲੱਗ ਗਈ ਹੈ। ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪਹੁੰਚ ਗਏ। ਉਥੇ ਪਤਾ ਲੱਗਿਆ ਕਿ ਫੈਕਟਰੀ ਵਿਚ 10 ਤੋਂ 13 ਮਜ਼ਦੂਰ ਕੰਮ ਕਰ ਰਹੇ ਸਨ, ਜਿਨ੍ਹਾਂ ’ਚੋਂ ਇਕ ਮਜ਼ਦੂਰ ਅੱਗ ਦੀ ਲਪੇਟ ਵਿਚ ਆ ਗਿਆ। ਇਸ ਮੌਕੇ ਪਹੁੰਚੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਮਜ਼ਦੂਰ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਪਹਿਲੇ ਸਿੱਖ ਨਿਊਜ਼ ਐਂਕਰ ਨੂੰ ਮੰਤਰੀ ਦੇ ਦਬਾਅ ਹੇਠ ਅਹੁਦੇ ਤੋਂ ਹਟਾਇਆ ਗਿਆ  

ਇਸ ਦੌਰਾਨ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰਤ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ ਹੈ। ਇਸ ਘਟਨਾ ਵਿਚ ਫੈਕਟਰੀ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਸੂਚਨਾ ਮਿਲਣ 'ਤੇ ਇਲਾਕਾ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਫੈਕਟਰੀ ਮਾਲਕ ਜਸਮੀਨ ਸਿੰਘ ਨੇ ਦਸਿਆ ਕਿ ਇਹ ਹਾਦਸਾ ਭੱਠੀ ਨੂੰ ਅਚਾਨਕ ਅੱਗ ਲੱਗਣ ਕਾਰਨ ਵਾਪਰਿਆ ਹੈ।