ਅੰਮ੍ਰਿਤਸਰ ’ਚ CIA ਸਟਾਫ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ; ਹੈਪੀ ਜੱਟ ਡਰੱਗ ਗੈਂਗ ਦੇ ਦੋ ਮੈਂਬਰ ਕਾਬੂ
ਦੋ ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਹਨ ਮੁਲਜ਼ਮ
ਅੰਮ੍ਰਿਤਸਰ: ਜੰਡਿਆਲਾ ਗੁਰੂ ਪੁਲਿਸ ਅਤੇ ਸੀ.ਆਈ.ਏ. ਸਟਾਫ ਨੇ ਪਿੰਡ ਧਾਰੜ ਵਾਲੀ ਨਹਿਰ ਨੇੜੇ ਲਗਾਏ ਨਾਕੇ ਦੌਰਾਨ ਕਈ ਕੇਸਾਂ ਵਿਚ ਲੋੜੀਂਦੇ ਦੋ ਵਿਅਕਤੀਆਂ ਨਾਲ ਹੋਈ ਮੁਠਭੇੜ ਵਿਚ ਹੈਪੀ ਜੱਟ ਡਰੱਗ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਦਰਅਸਲ ਇੰਚਾਰਜ ਸੀ.ਆਈ.ਏ ਨੇ ਜੰਡਿਆਲਾ ਵਿਖੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਦੋ ਵਿਅਕਤੀ ਸਪਲੈਂਡਰ ਮੋਟਰਸਾਈਕਲ ’ਤੇ ਆਏ ਜਿਨ੍ਹਾਂ ਨੂੰ ਪੁਲਿਸ ਟੀਮ ਨੇ ਚੈਕਿੰਗ ਲਈ ਰੁਕਣ ਲਈ ਕਿਹਾ ਪਰ ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿਤੀਆਂ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: 9/11 ਹਮਲੇ ਮਗਰੋਂ ਪੈਦਾ ਨਸਲਵਾਦ ਦੀ ਨਿੰਦਾ ਲਈ ਅਮਰੀਕੀ ਸੰਸਦ ’ਚ ਮਤਾ ਪੇਸ਼
ਜਵਾਬੀ ਕਾਰਵਾਈ ਵਿਚ ਪੁਲਿਸ ਟੀਮ ਨੇ ਵੀ ਗੋਲੀਆਂ ਚਲਾਈਆਂ। ਇਸ ਦੌਰਾਨ ਦੋ ਰਾਊਂਟ ਇਕ ਮੋਟਰਸਾਈਕਲ ਸਵਾਰ ਦੀ ਲੱਟ ਵਿਚ ਜਾ ਲੱਗੇ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੀਰਾ ਸਿੰਘ ਪੁੱਤਰ ਮੱਖਣ ਸਿੰਘ ਅਤੇ ਹਰਪ੍ਰੀਤ ਸਿੰਘ ਪੁੱਤਰ ਰਾਜ ਸਿੰਘ ਵਾਸੀ ਠੱਠੀਆਂ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅਮਰੂਦ ਘੁਟਾਲਾ ਮਾਮਲੇ ਵਿਚ ਹਾਈ ਕੋਰਟ ਦਾ ਹੁਕਮ: ਮੁਆਵਜ਼ਾ ਰਾਸ਼ੀ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਹੀ ਮਿਲੇਗੀ ਅਗਾਊਂ ਜ਼ਮਾਨਤ
ਜ਼ਿਕਰਯੋਗ ਹੈ ਕਿ ਇਹ ਦੋਵੇਂ ਮੁਲਜ਼ਮ ਦੋ ਹਾਈ ਪ੍ਰੋਫਾਈਲ ਵਾਰਦਾਤਾਂ 'ਚ ਲੋੜੀਂਦੇ ਸਨ। ਇਨ੍ਹਾਂ ਨੂੰ ਜੰਡਿਆਲਾ ਵਿਖੇ ਹੋਏ ਰਾਮ ਸ਼ਰਨ ਬਾਬਾ ਕਤਲ ਅਤੇ . ਪਿੰਡ ਭੰਗਵਾਂ ਵਿਖੇ ਗੋਲੀਬਾਰੀ ਦੀ ਘਟਨਾ ਵਿਚ ਨਾਮਜ਼ਦ ਕੀਤਾ ਗਿਆ ਹੈ। ਮੁੱਢਲੀ ਜਾਂਚ ਅਨੁਸਾਰ ਇਹ ਮੁਲਜ਼ਮ ਹੈਪੀ ਜੱਟ ਡਰੱਗ ਗਰੋਹ ਦੇ ਮੈਂਬਰ ਨਾਲ ਸਬੰਧਤ ਹਨ ਅਤੇ ਇਨ੍ਹਾਂ ਨੇ ਹੈਪੀ ਜੱਟ ਦੇ ਕਹਿਣ ’ਤੇ ਹੀ ਕਤਲ ਨੂੰ ਅੰਜਾਮ ਦਿਤਾ ਸੀ। ਹੀਰਾ ਵਿਰੁਧ ਪਹਿਲਾਂ ਵੀ ਐਨ.ਡੀ.ਪੀ.ਐਸ. ਦਾ ਇਕ ਕੇਸ ਦਰਜ ਹੈ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ: ਬਣੇ ਵਨਡੇ 'ਚ ਸੱਭ ਤੋਂ ਤੇਜ਼ 13 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਇਸ ਗ੍ਰਿਫਤਾਰੀ ਨਾਲ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਰਾਮ ਸ਼ਰਨ ਬਾਬਾ ਦੇ ਕਤਲ ਅਤੇ ਪਿੰਡ ਭੰਗਵਾਂ ਵਿਖੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਟਰੇਸ ਕਰ ਲਿਆ ਹੈ। ਮਾਮਲੇ ਵਿਚ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ ਵਾਸੀ ਜੰਡਿਆਲਾ ਅਤੇ ਦੋ ਹੋਰ ਮੁਲਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।