ਮੋਦੀ ਨੇ ਖੇਤੀ ਕਾਨੂੰਨ ਵਾਪਸ ਨਹੀਂ ਲੈਣੇ, ਕਿਸਾਨਾਂ 'ਤੇ ਹੋਰ ਸਖ਼ਤੀ ਤੋਂ ਪਿਛੇ ਨਹੀਂ ਹਟੇਗੀ ਸਰਕਾਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਹਾਰ ਜਿੱਤ ਦਾ ਪੰਜਾਬ ਦੀ ਸਿਆਸਤ 'ਤੇ ਨਹੀਂ ਪਵੇਗਾ ਕੋਈ ਅਸਰ

Prof. Khalid Mohammad

ਚੰਡੀਗੜ੍ਹ : ਬਿਹਾਰ ਵਿਚ ਮਿਲੀ ਜਿੱਤ ਤੋਂ ਬੀਜੇਪੀ ਬਾਗੋਬਾਗ ਹੈ। ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਸਮੇਤ ਦੂਜੀਆਂ ਧਿਰਾਂ ਦੀਆਂ ਨਜ਼ਰਾਂ ਵੀ ਬਿਹਾਰ ਚੋਣ ਨਤੀਜਿਆਂ 'ਤੇ ਟਿਕੀਆਂ ਹੋਈਆਂ ਸਨ। ਬਿਹਾਰ ਜਿੱਤ ਤੋਂ ਉਤਸ਼ਾਹਿਤ ਬੀਜੇਪੀ ਦਾ ਪੰਜਾਬ ਜਾਂ ਸੰਘਰਸ਼ ਕਰ ਰਹੀ ਕਿਸਾਨੀ ਲਈ ਕੀ ਵਤੀਰਾ ਰਹੇਗਾ, ਬਾਰੇ ਜਾਣਨ ਲਈ ਸਪੋਕਸਮੈਨ ਟੀ.ਵੀ. ਦੇ ਪੱਤਰਕਾਰ ਹਰਦੀਪ ਸਿੰਘ ਭੋਗਲ ਵਲੋਂ ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋ. ਖ਼ਾਲਿਦ ਮੁਹੰਮਦ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਬਿਹਾਰ ਜਿੱਤ ਦੇ ਪੰਜਾਬ 'ਤੇ ਅਸਰ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਪ੍ਰੋ. ਖਾਲਿਦ ਨੇ ਕਿਹਾ ਕਿ ਬਿਹਾਰ ਦੀ ਜਿੱਤ ਦਾ ਪੰਜਾਬ ਦੀ ਸਿਆਸਤ 'ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ। ਭਾਜਪਾ ਦਾ ਜ਼ਿਆਦਾ ਧਿਆਨ ਪੱਛਮੀ ਬੰਗਾਲ ਵੱਲ ਰਹੇਗਾ ਜਿੱਥੇ ਉਸ ਦਾ ਚੰਗਾ ਅਧਾਰ ਵੀ ਹੈ। ਜਦਕਿ ਪੰਜਾਬ 'ਚ ਭਾਜਪਾ ਦੀ ਹਾਲਤ ਪਹਿਲਾ ਹੀ ਪਤਲੀ ਸੀ, ਜੋ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਅਤੇ ਕਿਸਾਨਾਂ ਦੇ ਨਾਰਾਜ਼ ਹੋਣ ਜਾਣ ਬਾਅਦ ਹੋਰ ਘਟਣ ਦੇ ਅਸਾਰ ਹਨ।

ਬਿਹਾਰ ਜਿੱਤ ਦੇ ਚਲ ਰਹੇ ਕਿਸਾਨੀ ਸੰਘਰਸ਼ 'ਤੇ ਅਸਰ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਪ੍ਰੋ. ਖ਼ਾਲਿਦ ਮੁਹੰਮਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਕੋਈ ਸੰਭਾਵਨਾ ਨਹੀਂ ਹੈ। ਕੇਂਦਰ ਸਰਕਾਰ ਨੂੰ ਲੋਕ ਸਭਾ ਅਤੇ ਰਾਜ ਸਭਾ 'ਚ ਬਹੁਮੱਤ ਪ੍ਰਾਪਤ ਹੈ। ਇਸ ਦੇ ਬਲਬੂਤੇ ਉਹ ਜੰਮੂ ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕਰਨ ਸਮੇਤ ਹੋਰ ਸਖ਼ਤ ਫ਼ੈਸਲੇ ਲੈ ਰਹੇ ਹਨ।

ਉਨ੍ਹਾਂ ਕਿਹਾ ਕਿਹਾ ਕੇਂਦਰ ਸਰਕਾਰ ਨਾ ਹੀ ਪਹਿਲਾਂ ਲਏ ਕਿਸੇ ਫ਼ੈਸਲੇ ਤੋਂ ਪਿਛੇ ਹਟੀ ਹੈ ਅਤੇ ਨਾ ਹੀ ਖੇਤੀ ਕਾਨੂੰਨਾਂ ਤੋਂ ਪਿਛੇ ਹਟਣ ਦੀ ਸੰਭਾਵਨਾ ਹੈ। ਉਹ ਤਾਂ ਸਗੋਂ ਹੋਰ ਹੋਰ ਅੱਗੇ ਵਧਦਿਆਂ ਕਿਸਾਨਾਂ ਨੂੰ ਹੀ ਕਹਿ ਰਹੇ ਹਨ ਕਿ ਇਹ ਕਾਨੂੰਨ ਤਾਂ ਠੀਕ ਹਨ ਪਰ ਤੁਹਾਡੇ ਹੀ ਸਮਝ ਨਹੀਂ ਆ ਰਹੇ। ਜੇਕਰ ਕਿਸਾਨ ਜ਼ਿਆਦਾ ਹੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਗੇ ਤਾਂ ਸਰਕਾਰ ਉਨ੍ਹਾਂ ਨੂੰ ਦੇਸ਼ ਧਰੋਹੀ ਜਾਂ ਕੋਈ ਹੋਰ ਝੂਠੀ-ਸੱਚੀ ਤੋਹਮਤ ਲਾ ਕੇ ਘੇਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ।

ਬਿਹਾਰ 'ਚ ਨਿਤੀਸ਼ ਕੁਮਾਰ ਦੀ ਪਾਰਟੀ ਵਲੋਂ ਘੱਟ ਸੀਟਾਂ ਜਿੱਤੇ ਜਾਣ ਸਬੰਧੀ ਪੁਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਘੱਟ ਸੀਟਾਂ ਜਿੱਤਣ ਕਾਰਨ ਦਾ ਨਿਤੀਸ਼ ਕੁਮਾਰ 'ਤੇ ਦਬਾਅ ਵਧੇਗਾ। ਮੁੱਖ ਮੰਤਰੀ ਕਿਹੜੀ ਪਾਰਟੀ ਦਾ ਹੋਵੇ, ਇਸ ਨੂੰ ਲੈ ਕੇ ਰੌਲਾ ਪੈਣਾ ਸ਼ੁਰੂ ਵੀ ਹੋ ਚੁੱਕਾ ਹੈ। ਆਉਂਦੇ ਸਮੇਂ ਅੰਦਰ ਨਿਤੀਸ਼ ਕੁਮਾਰ 'ਤੇ ਦਬਾਅ ਬਣਾਉਣ ਜਾਂ ਭਾਜਪਾ ਵਿਧਾਇਕਾਂ ਵਲੋਂ ਕੋਈ ਗਰਮੀ ਦਿਖਾਉਣ 'ਤੇ ਨਿਤੀਸ਼ ਕੁਮਾਰ ਸਖ਼ਤ ਫ਼ੈਸਲਾ ਲੈਂਦਿਆਂ ਅਪਣੇ ਪੁਰਾਣੇ ਭਾਈਵਾਲਾਂ ਵੱਲ ਵੀ ਜਾ ਸਕਦਾ ਹੈ।