ਹੁਣ ਚੰਡੀਗੜ੍ਹ ਨਗਰ ਨਿਗਮ ਵੇਚੇਗਾ ਪਟਰੌਲ ਅਤੇ ਡੀਜ਼ਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਗਰ ਨਿਗਮ ਚੰਡੀਗੜ੍ਹ ਹੁਣ ਪੈਟਰੋਲ ਅਤੇ ਡੀਜ਼ਲ ਵੇਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Chandigarh Municipal Corporation

ਚੰਡੀਗੜ੍ਹ ( ਸ.ਸ.ਸ. ) : ਨਗਰ ਨਿਗਮ ਚੰਡੀਗੜ੍ਹ ਹੁਣ ਪਟਰੌਲ ਅਤੇ ਡੀਜ਼ਲ ਵੇਚਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਨਗਰ ਨਿਗਮ ਨੂੰ ਸ਼ਹਿਰ ਵਿਚ ਨਵੇਂ ਪਟਰੌਲ ਪੰਪ ਚਲਾਉਣ ਲਈ ਪ੍ਰਸ਼ਾਸਨ ਵੱਲੋਂ ਦੋ ਥਾਵਾਂ ਅਲਾਟ ਕੀਤੀਆਂ ਗਈਆਂ ਹਨ। ਇਹਨਾਂ ਦੋਨਾਂ ਥਾਵਾਂ 'ਤੇ ਪਟਰੌਲ ਅਤੇ ਡੀਜ਼ਲ ਦੇ ਨਾਲ ਨਗਰ ਨਿਗਮ ਸੀਐਨਜੀ ਵੀ ਵੇਚ ਸਕੇਗਾ। ਨਗਰ ਨਿਗਮ ਨੇ ਇਹਨਾਂ ਦੋਹਾਂ ਥਾਵਾਂ ਦਾ ਕੰਮ ਜਲਦ ਹੀ ਸ਼ੁਰੂ ਕਰਨ ਦੀ ਯੋਜਨਾ ਨੂੰ ਤਿਆਰ ਕਰਨਾ ਸ਼ੁਰੂ ਕਰ ਦਿਤਾ ਹੈ।

ਹਾਲਾਂਕਿ ਨਗਰ ਨਿਗਮ ਨੂੰ ਇਹਨਾਂ ਦੋਹਾਂ ਥਾਵਾਂ ਲਈ ਜੰਗਲਾਤ ਵਿਭਾਗ ਅਤੇ ਇੰਜੀਨੀਅਰਿੰਗ ਵਿਭਾਗ ਤੋਂ ਨੋ ਓਬਜੈਕਸ਼ਨ ਸਰਟੀਫਿਕੇਟ ਲੈਣਾ ਪਵੇਗਾ। ਇਸ ਸਬੰਧੀ ਨਗਰ ਨਿਗਮ ਦੇ ਮੇਅਰ ਦਵੇਸ਼ ਮੋਦਗਿਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਨਗਰ ਨਿਗਮ ਨੂੰ ਸੈਕਟਰ 51-ਏ ਵਿਕਾਸ ਮਾਰਗ ਅਤੇ ਇੰਡਸਟਰੀਅਲ ਏਰੀਆ ਫੇਜ਼-2 ਵਿਚ ਦੋ ਥਾਵਾਂ 'ਤੇ ਕਿਰਾਏ 'ਤੇ ਅਲਾਟ ਕੀਤੀ ਗਈ। ਇਹਨਾਂ ਦੋਹਾਂ ਥਾਵਾਂ ਦੀ ਪ੍ਰਵਾਨਗੀ ਲਈ ਨਿਗਮ ਨੂੰ ਪ੍ਰਸ਼ਾਸਨ ਦੇ ਵਿਤ ਵਿਭਾਗ ਤੋਂ ਇਹ ਚਿੱਠੀ ਮਿਲੀ ਹੈ।

ਉਹਨਾਂ ਦੱਸਿਆ ਕਿ ਇਸ ਥਾਂ ਲਈ ਨਗਰ ਨਿਗਮ ਨੂੰ 70 ਰੁਪਏ ਪ੍ਰਤੀ ਵਰਗ ਫੁੱਟ ਪ੍ਰਤੀ ਮਹੀਨਾ ਕਿਰਾਇਆ ਦੇਣਾ ਹੋਵੇਗਾ। ਇਸ ਦੇ ਨਾਲ ਹੀ ਹਰ ਸਾਲ ਇਸ ਕਿਰਾਏ ਵਿਚ 6 ਫ਼ੀ ਸਦੀ ਦਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਇਹਨਾਂ ਪੰਪਾਂ 'ਤੇ ਨਿਗਮ ਨੂੰ ਇਕ ਕਿਲੋਲੀਟਰ ਪਟਰੌਲ ਅਤੇ ਡੀਜ਼ਲ 'ਤੇ 100 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ। ਜਦਕਿ ਸੀਐਨਜੀ ਦੇ ਲਈ ਨਿਗਮ ਨੂੰ 139 ਰੁਪਏ ਪ੍ਰਤੀ ਮੈਟ੍ਰਿਕ ਦੇਣੇ ਪੈਣਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਨਿਗਮ ਇਹਨਾਂ ਦੋਹਾਂ ਥਾਵਾਂ ਲਈ ਨਿਗਮ ਸਿਰਫ ਸਰਕਾਰੀ

ਪਟਰੌਲ ਕੰਪਨੀਆਂ ਇੰਡੀਅਨ ਆਇਲ, ਭਾਰਤ ਪਟਰੌਲੀਅਮ ਲਿਮਿਟੇਡ ਅਤੇ ਹਿੰਦੂਸਤਾਨ ਪਟਰੌਲੀਅਮ ਦੇ ਨਾਲ ਹੀ ਕਰਾਰ ਕਰ ਸਕਦਾ ਹੈ। ਦੱਸ ਦਈਏ ਕਿ ਨਗਰ ਨਿਗਮ ਦੀ ਆਮਦਨੀ ਦੇ ਸਾਧਨ ਵਧਾਉਣ ਲਈ ਇਹ ਥਾਵਾਂ ਅਲਾਟ ਕੀਤੀਆਂ ਗਈਆਂ ਹਨ। ਜਦਕਿ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਹਰ ਮਹੀਨੇ ਨਗਰ ਨਿਗਮ ਨੂੰ 4 ਤੋਂ 5 ਲੱਖ ਦਾ ਹੀ ਲਾਭ ਹੋਵੇਗਾ।