ਪੰਜਾਬ ਕੈਬਨਿਟ ਮੀਟਿੰਗ ‘ਚ ਲਏ ਗਏ ਕਈਂ ਅਹਿਮ ਫ਼ੈਸਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸੱਦੀ ਗਈ ਵਜ਼ਾਰਤ ਦੀ ਬੈਠਕ ਵਿੱਚ ਕਈ ਧਾਰਮਿਕ ਤੇ ਮਾਲੀਆ ਸਬੰਧਤ ਮਸਲੇ ਵਿਚਾਰੇ ਗਏ....

ਮਨਪ੍ਰੀਤ ਬਾਦਲ

ਚੰਡੀਗੜ੍ਹ (ਭਾਸ਼ਾ) : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸੱਦੀ ਗਈ ਵਜ਼ਾਰਤ ਦੀ ਬੈਠਕ ਵਿੱਚ ਕਈ ਧਾਰਮਿਕ ਤੇ ਮਾਲੀਆ ਸਬੰਧਤ ਮਸਲੇ ਵਿਚਾਰੇ ਗਏ। ਕੈਬਨਿਟ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਸਿੱਖ ਬੰਦੀਆਂ ਤੇ ਸ਼ਿਲੌਂਗ ਦੇ ਸਿੱਖਾਂ ਦੇ ਮਸਲਿਆਂ 'ਤੇ ਫੈਸਲੇ ਲਏ। ਵਿਧਾਨ ਸਭਾ ਦੇ ਇਜਲਾਸ ਤੋਂ ਪਹਿਲਾਂ ਇਸ ਮੀਟਿੰਗ ਨੂੰ ਸੋਮਵਾਰ ਨੂੰ ਸੱਦਿਆ ਗਿਆ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਠੀਕ ਨਾ ਹੋਣ 'ਤੇ ਬੈਠਕ ਨੂੰ ਅੱਗੇ ਪਾ ਦਿੱਤਾ ਗਿਆ ਸੀ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਪੂਰਾ ਸਾਲ ਮਨਾਉਣ ਸਬੰਧੀ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਪੈਰੋਲ ਦਾ ਸਮਾਂ ਵਧਾ ਦਿੱਤਾ ਹੈ। ਪੈਰੋਲ 'ਤੇ ਆਏ ਕੈਦੀ ਹੁਣ ਹਫ਼ਤਾ ਵੱਧ ਸਮਾਂ ਜੇਲ੍ਹ 'ਚੋਂ ਬਾਹਰ ਰਹਿ ਸਕਣਗੇ।

ਪੰਜਾਬ ਕੈਬਨਿਟ ਨੇ ਸ਼ਿਲੌਂਗ ਵਿੱਚ ਸਿੱਖਾਂ 'ਤੇ ਹੋਏ ਨਸਲੀ ਹਮਲਿਆਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਕਰਨ ਦਾ ਏਜੰਡਾ ਵੀ ਪਾਸ ਕੀਤਾ ਹੈ। ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ 60 ਲੱਖ ਰੁਪਏ ਦਾ ਮੁਆਵਜ਼ਾ ਸਕੂਲ ਦੀ ਇਮਾਰਤ ਢਹਿਣ 'ਤੇ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਵੱਲੋਂ ਸਾਰੇ ਰਾਜਾਂ ਲਈ ਬਣਾਏ ਗਏ ਜੀਐਸਟੀ ਨਿਯਮਾਂ ਨੂੰ ਲਾਗੂ ਕਰਨ ਦਾ ਏਜੰਡਾ ਵੀ ਕੈਬਨਿਟ ਮੀਟਿੰਗ ਵਿੱਚ ਪਾਸ ਕੀਤਾ ਗਿਆ ਹੈ।