ਚੀਨੀ ਫੌਜ ਦੀ ਹਿਰਾਸਤ 'ਚ 5 ਮਹੀਨਿਆਂ ਤੋਂ ਪੰਜਾਬੀ ਨੌਜਵਾਨ, ਸਰਕਾਰ ਤੋਂ ਮਦਦ ਦੀ ਗੁਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਗਰਾਓਂ ਦੇ ਨੇੜਲੇ ਪਿੰਡ ਚੀਮਾ ਦੇ ਰਹਿਣ ਵਾਲੇ ਭਾਰਤੀ ਸਮੁੰਦਰੀ ਜਹਾਜ਼ ਦੇ ਕਪਤਾਨ ਜਗਵੀਰ ਸਿੰਘ ਪਿਛਲੇ 5 ਮਹੀਨਿਆਂ ਤੋਂ ਚੀਨੀ ਫੌਜ ਦੀ ਹਿਰਾਸਤ ਵਿਚ ਹਨ।

Jagvir Singh

ਲੁਧਿਆਣਾ: ਪੰਜਾਬ ਦੇ ਸ਼ਹਿਰ ਜਗਰਾਓਂ ਦੇ ਨੇੜਲੇ ਪਿੰਡ ਚੀਮਾ ਦੇ ਰਹਿਣ ਵਾਲੇ ਭਾਰਤੀ ਸਮੁੰਦਰੀ ਜਹਾਜ਼ ਦੇ ਕਪਤਾਨ ਜਗਵੀਰ ਸਿੰਘ ਪਿਛਲੇ 5 ਮਹੀਨਿਆਂ ਤੋਂ ਚੀਨੀ ਫੌਜ ਦੀ ਹਿਰਾਸਤ ਵਿਚ ਹਨ। ਦਰਅਸਲ ਕਪਤਾਨ ਵਜੋਂ ਜਗਵੀਰ ਮਰਵਿਨ ਕੰਪਨੀ ਦਾ ਜਹਾਜ਼ ਲੈ ਕੇ ਆਪਣੀ ਪਹਿਲੀ ਅਸਾਈਨਮੈਂਟ ਪੂਰੀ ਕਰਨ ਜਾ ਰਿਹਾ ਸੀ।

ਜਹਾਜ਼ ਦੇ ਕੁਝ ਜ਼ਰੂਰੀ ਦਸਤਾਵੇਜ਼ ਪੂਰੇ ਨਾ ਹੋਣ ਕਰਕੇ ਚੀਨੀ ਜਲ ਸੈਨਾ ਨੇ ਜਗਵੀਰ ਨੂੰ ਸਮੁੰਦਰ ਵਿਚਾਲੇ ਹੀ ਰੋਕ ਕੇ ਉਸ ਦੇ ਪੰਜ ਸਾਥੀਆਂ ਨਾਲ ਉਸ ਨੂੰ ਹਿਰਾਸਤ ਵਿਚ ਲੈ ਲਿਆ ਸੀ। ਜਗਵੀਰ ਸਿੰਘ ਦੇ ਪਿਤਾ ਪਰਮਜੀਤ ਸਿੰਘ ਦਾ ਕਹਿਣਾ ਹੈ ਕੇ ਜਦੋਂ ਕੰਪਨੀ ਨੇ ਜਗਵੀਰ ਨੂੰ ਜਹਾਜ਼ ਲੈ ਕੇ ਚੀਨ ਜਾਣ ਲਈ ਕਿਹਾ ਤਾਂ ਕੁਝ ਦਸਤਾਵੇਜ਼ ਘੱਟ ਸਨ।

ਜਗਵੀਰ ਸਿੰਘ ਨੇ ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਦਸਤਾਵੇਜ਼ਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੇ ਤੁਹਾਨੂੰ ਅਗਲੀ ਬੰਦਰਗਾਹ 'ਤੇ ਕਾਗਜ਼ ਮਿਲ ਜਾਣਗੇ ਪਰ ਅਜਿਹਾ ਨਹੀਂ ਹੋਇਆ। ਅਗਲੀ ਬੰਦਰਗਾਹ 'ਤੇ ਪਹੁੰਚਣ ਤੋਂ ਪਹਿਲਾਂ ਹੀ ਚੀਨੀ ਜਲ ਸੈਨਾ ਨੇ ਕਪਤਾਨ ਜਗਵੀਰ ਨੂੰ ਉਸ ਦੇ ਪੰਜ ਸਾਥੀਆਂ ਨਾਲ ਹਿਰਾਸਤ 'ਚ ਲੈ ਲਿਆ। 

ਬਾਅਦ ਵਿਚ ਚੀਨ ਨੇ ਜਗਵੀਰ ਦੇ ਬਾਕੀ ਸਾਥੀਆਂ ਨੂੰ ਤਾਂ ਛੱਡ ਦਿੱਤਾ ਪਰ ਜਗਵੀਰ ਨੂੰ ਜਹਾਜ਼ ਦਾ ਕਪਤਾਨ ਹੋਣ ਕਰਕੇ ਅਜੇ ਵੀ ਚੀਨ ਨੇ ਆਪਣੀ ਹਿਰਾਸਤ ਵਿਚ ਰੱਖਿਆ ਹੈ। ਕਪਤਾਨ ਜਗਵੀਰ 16 ਜੁਲਾਈ ਤੋਂ ਚੀਨ ਦੀ ਹਿਰਾਸਤ ਵਿਚ ਹੈ। ਜਗਵੀਰ ਦੇ ਪਰਿਵਾਰ ਵੱਲੋਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਨੂੰ ਜਗਵੀਰ ਨੂੰ ਵਾਪਸ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਵੱਲੋਂ ਕੰਪਨੀ ‘ਤੇ ਵੀ ਧੋਖਾਧੜੀ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਉਹਨਾਂ ਦੀ ਪਤਨੀ ਗਗਨਦੀਪ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੇ ਮਰਵਿਨ ਕੰਪਨੀ ਖ਼ਿਲਾਫ਼ ਇੰਡੀਅਨ ਡਾਇਰੈਕਟਰ ਜਨਰਲ ਆਫ ਸ਼ਿਪਿੰਗ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਵੱਲੋਂ ਪਹਿਲਾਂ ਵੀ ਅਜਿਹੀ ਧੋਖਾਧੜੀ ਕੀਤੀ ਜਾ ਚੁੱਕੀ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ, ਕੰਪਨੀ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਜਗਵੀਰ ਸਿੰਘ ਨੂੰ 2019 ਵਿਚ ਮਰਵਿਨ ਕੰਪਨੀ ਨੇ ਬਤੌਰ ਕਪਤਾਨ ਚੁਣਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।