ਮੁੱਖ ਮੰਤਰੀ ਦੀ ਕੋਠੀ ਘੇਰਨੀ ਆਪ ਨੂੰ ਪਈ ਮਹਿੰਗੀ, 'ਮਾਨ' ਸਮੇਤ 800 ਵਰਕਰਾਂ 'ਤੇ FIR ਦਰਜ 

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਦੇ ਬਿਆਨਾਂ 'ਤੇ ਉਕਤ ਸਾਰਿਆਂ 'ਤੇ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ, ਡਿਊਟੀ ਦੌਰਾਨ ਵਿਗਣ ਪਾਉਣ ਅਤੇ ਕੁੱਟਮਾਰ ....

File Photo

ਚੰਡੀਗੜ੍ਹ— ਪੰਜਾਬ 'ਚ ਬਿਜਲੀ ਦੇ ਵਧੇ ਰੇਟ ਨੂੰ ਵਾਪਸ ਲੈਣ ਦੇ ਮਸਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾਂਦੇ ਸਮੇਂ ਐਮ.ਐਲ.ਏ. ਹੋਸਟਲ ਕੋਲ ਬੈਰੀਕੇਡਸ ਤੋੜ ਕੇ ਪੁਲਿਸ ਜਵਾਨਾਂ 'ਤੇ ਹਮਲਾ ਕਰਨ ਦੇ ਮਾਮਲੇ 'ਚ ਸੈਕਟਰ-3 ਥਾਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ, 8 ਐੱਮ.ਐੱਲ.ਏ. ਅਤੇ 800 ਵਰਕਰਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਦੇ ਬਿਆਨਾਂ 'ਤੇ ਉਕਤ ਸਾਰਿਆਂ 'ਤੇ ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ, ਡਿਊਟੀ ਦੌਰਾਨ ਵਿਗਣ ਪਾਉਣ ਅਤੇ ਕੁੱਟਮਾਰ ਦੀਆਂ ਧਾਰਾਵਾਂ 147, 148, 332, 353 ਅਤੇ 188 ਲਗਾਈਆਂ ਹਨ। ਪੁਲਿਸ ਵਲੋਂ ਲਗਾਈਆਂ 332 ਅਤੇ 353 ਧਾਰਾ ਗੈਰ ਜ਼ਮਾਨਤੀ ਹਨ। ਇਨ੍ਹਾਂ ਦੋਨਾਂ ਧਾਰਾਵਾਂ 'ਚ ਜ਼ਿਲਾ ਅਦਾਲਤ ਤੋਂ ਹੀ ਜ਼ਮਾਨਤ ਮਿਲ ਸਕਦੀ ਹੈ।

ਪੁਲਿਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਰਕਰਾਂ ਵਲੋਂ ਲਾਅ ਐਂਡ ਆਰਡਰ ਤੋੜਨ ਅਤੇ ਪੁਲਿਸ 'ਤੇ ਹਮਲਾ ਕਰਨ ਨਾਲ ਇੰਸਪੈਕਟਰ ਮਲਕੀਤ ਸਿੰਘ, ਕਾਂਸਟੇਬਲ ਵਿਨੀਤ ਕੁਮਾਰ ਅਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਜਖ਼ਮੀ ਹੋ ਗਏ ਸਨ। ਸੈਕਟਰ-3 ਥਾਣਾ ਪੁਲਸ ਜਲਦੀ ਹੀ ਮਾਮਲੇ 'ਚ ਪੁਲਸ ਜਵਾਨਾਂ 'ਤੇ ਹਮਲਾ ਕਰਨ ਵਾਲਿਆਂ ਦੀ ਮੌਕੇ 'ਤੇ ਹੋਈ ਵੀਡੀਓਗ੍ਰਾਫ਼ੀ ਅਤੇ ਫੋਟੋਗ੍ਰਾਫ਼ੀ ਨਾਲ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਕਰੇਗੀ।

ਦੱਸ ਦਈਏ ਕਿ ਆਪ' ਵਲੋਂ ਪਹਿਲਾਂ ਕੀਤੇ ਐਲਾਨ ਮੁਤਾਬਕ ਸ਼ੁੱਕਰਵਾਰ ਨੂੰ ਭਗਵੰਤ ਮਾਨ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਗਿਆ ਸੀ। ਪੁਲਿਸ ਵਲੋਂ ਬੈਰੀਕੇਡ ਲਾ ਕੇ ਆਪ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਦੋਂ ਆਪ ਵਰਕਰਾਂ ਨੇ ਬੈਰੀਕੇਡ ਤੋੜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਆਪ ਵਰਕਰਾਂ 'ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਉਨ੍ਹਾਂ ਨੂੰ ਖਦੇੜ ਦਿਤਾ।

ਇਸ ਦੌਰਾਨ ਕਈ ਵਰਕਰਾਂ ਦੀਆਂ ਪੱਗਾਂ ਵੀ ਲਹਿ ਗਈਆਂ। ਭਗਵੰਤ ਮਾਨ ਨੇ ਦੋਸ਼ ਲਾਇਆ ਸੀ ਕਿ ਸਰਕਾਰ ਵਲੋਂ ਪ੍ਰਾਈਵੇਟ ਬਿਜਲੀ ਮਾਫ਼ੀਆ ਨਾਲ ਮਿਲ ਕੇ ਪੰਜਾਬ ਵਾਸੀਆਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਖਿਲਾਫ਼ ਪਹਿਲਾਂ ਕੀਤੇ ਐਲਾਨ ਮੁਤਾਬਕ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰਨ ਆਈ ਸੀ।