ਗੁਰਦਾਸਪੁਰ 'ਚੋਂ 'ਲਾਪਤਾ' ਹੋਏ ਸੰਨੀ ਦਿਓਲ, ਲੱਗੇ ਪੋਸਟਰ  

ਏਜੰਸੀ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਉਤੇ ਭਰੋਸਾ ਦਿਖਾਉਂਦੇ ਹੋਏ ਉਹਨਾਂ ਨੂੰ ਗੁਰਦਾਸਪੁਰ ਹਲਕੇ ਦਾ ਸਾਂਸਦ ਬਣਾਇਆ ਸੀ

File Photo

ਗੁਰਦਾਸਪੁਰ- ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲੱਗੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਵੱਲੋਂ ਗੁਰਦਾਸਪੁਰ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ ਉਤੇ ਭਰੋਸਾ ਦਿਖਾਉਂਦੇ ਹੋਏ ਉਹਨਾਂ ਨੂੰ ਗੁਰਦਾਸਪੁਰ ਹਲਕੇ ਦਾ ਸਾਂਸਦ ਬਣਾਇਆ ਸੀ

ਪਰ ਲੱਗਦਾ ਹੈ ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦਿਓਲ ਆਪਣੇ ਹਲਕੇ ਤੇ ਹਲਕੇ ਦੇ ਲੋਕਾਂ ਨੂੰ ਭੁੱਲ ਗਏ ਹਨ। ਜਿਸ ਕਾਰਨ ਲੋਕ ਖੁਦ ਨੂੰ ਹੁਣ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸ਼ਾਇਦ ਇਸ ਕਾਰਨ ਪ੍ਰੇਸ਼ਾਨ ਲੋਕਾਂ ਨੇ ਰੇਲਵੇ ਸਟੇਸ਼ਨ ’ਤੇ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸ ਸੀ ਕਿ ਸੰਨੀ ਦਿਓਲ ਉਹਨਾਂ ਦੇ ਹਲਕੇ ਨੂੰ ਵਿਕਾਸ ਵੱਲ ਨੂੰ ਲੈ ਕੇ ਜਾਣਗੇ।

ਹਲਕੇ ਵਿਚ ਬੇਰੁਜ਼ਗਾਰੀ ਘੱਟ ਹੋਵੇਗੀ। ਪਰ ਹੁਣ ਹਾਲਾਤ ਇਹ ਬਣ ਗਏ ਸੰਨੀ ਦਿਓਲ ਵੱਲੋਂ ਹਲਕੇ ਦਾ ਇਕ ਵੀ ਦੌਰਾ ਨਹੀਂ ਕੀਤਾ ਗਿਆ ਹੈ। ਉਹਨਾਂ ਦਾ ਪੋਸਟਰ ਲਗਾਉਣ ਦਾ ਮਕਸਦ ਇਹੀ ਹੈ ਕਿ ਉਹਨਾਂ ਨੂੰ ਪਤਾ ਲੱਗੇ ਕਿ ਗੁਰਦਾਸਪੁਰ ਦੇ ਲੋਕ ਉਹਨਾਂ ਦਾ ਬੇਸਬਰੀ ਦੇ ਨਾਲ ਇੰਤਜਾਰ ਕਰ ਰਹੇ ਹਨ। ਦੱਸ ਦਈਏ ਕਿ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਬਾਲੀਵੁਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸਨੀ ਦਿਓਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਸੀ।

ਸਨੀ ਦਿਓਲ ਨੇ ਇਸ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਉਮੀਦਵਾਰ ਸੁਨੀਲ ਜਾਖੜ ਨੂੰ ਹਰਾ ਦਿੱਤਾ ਸੀ। ਸਨੀ ਦਿਓਲ ਨੇ 10,13,595 ਵੋਟਾਂ ਹਾਸਲ ਕੀਤੀਆਂ ਸਨ। 2017 ਦੀਆਂ ਜ਼ਿਮਨੀ ਚੋਣਾਂ 'ਚ ਸੁਨੀਲ ਜਾਖੜ ਇੱਥੋਂ ਜੇਤੂ ਰਹੇ ਸਨ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਅਦਾਕਾਰ ਵਿਨੋਦ ਖੰਨਾ ਦਾ ਜਾਦੂ ਛਾਇਆ ਸੀ।

ਵਿਨੋਦ ਖੰਨਾ ਨੇ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੂੰ ਮਾਤ ਦਿੱਤੀ ਸੀ। ਬਾਜਵਾ ਨੇ 2009 'ਚ 3 ਵਾਰ ਹੈਟ੍ਰਿਕ ਜਮਾ ਚੁੱਕੇ ਵਿਨੋਦ ਖੰਨਾ ਨੂੰ ਹੀ ਹਰਾਇਆ ਸੀ। ਵਿਨੋਦ ਖੰਨਾ ਦੀ 27 ਅਪ੍ਰੈਲ 2017 'ਚ ਮੌਤ ਹੋ ਗਈ ਸੀ, ਜਿਸ ਕਾਰਨ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ।