ਸਟੇਜਾਂ ਭਾਵੇਂ 2 ਹੋਣ ਜਾਂ 10, ਸ਼ਰਧਾ ਸਹੀ ਹੋਣੀ ਚਾਹੀਦੀ ਹੈ : ਸੰਨੀ ਦਿਓਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਕਰਤਾਰਪੁਰ ਲਾਂਘਾ ਦੋਵਾਂ ਦੇਸ਼ਾਂ ਲਈ ਸ਼ਾਂਤੀ ਲੈ ਕੇ ਆਵੇਗਾ।

Sunny Deol

ਗੁਰਦਾਸਪੁਰ : ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ। ਇਸ ਮੌਕੇ ਬਾਲੀਵੁਡ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਨੇ ਵੀ ਕਰਤਾਰਪੁਰ ਸਾਹਿਬ ਜਾਣ ਦੀ ਪੂਰੀ ਤਿਆਰੀ ਕਰ ਲਈ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਜਾਣ ਲਈ ਕਾਫ਼ੀ ਉਤਸਾਹਤ ਹਨ। ਦੋ ਸਟੇਜ਼ਾਂ ਲਗਾਏ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਸਟੇਜ਼ਾਂ ਭਾਵੇਂ 2 ਹੋਣ ਜਾਂ 10, ਸ਼ਰਧਾ ਭਾਵਨਾ ਸਹੀ ਹੋਣੀ ਚਾਹੀਦੀ ਹੈ। ਕਰਤਾਰਪੁਰ ਲਾਂਘਾ ਦੋਵਾਂ ਦੇਸ਼ਾਂ ਲਈ ਸ਼ਾਂਤੀ ਲੈ ਕੇ ਆਵੇਗਾ।

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਵੀ ਕਿਹਾ ਹੈ ਕਿ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਵੀ ਅਧਿਕਾਰਤ ਜੱਥੇ ਦੇ ਮੈਂਬਰ ਹੋਣਗੇ। ਕੇਂਦਰ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਨੂੰ ਪਹਿਲਾਂ ਹੀ ਸੂਚੀਬੱਧ ਕਰ ਦਿੱਤਾ ਗਿਆ ਹੈ। ਇਸ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਉਨ੍ਹਾਂ 575 ਲੋਕਾਂ ਦੇ ਜੱਥੇ 'ਚ ਸ਼ਾਮਲ ਹਨ, ਜੋ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਲਈ ਜਾਣਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿਧਾਇਕ ਵੀ ਇਸ ਜੱਥੇ ਦਾ ਹਿੱਸਾ ਹੋਣਗੇ।