ਪੀਟੀਸੀ ਵਲੋਂ ਦਰਬਾਰ ਸਾਹਿਬ ਦੇ ਹੁਕਮਨਾਮੇ 'ਤੇ ਏਕਾ ਅਧਿਕਾਰ ਦੀ ਚੌਪਾਸਿਉਂ ਨਿੰਦਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਸੀਬੀਆਈ ਜਾਂਚ ਮੰਗੀ

Jathedar Bhai Ranjit Singh

ਸਰਬ ਸਾਂਝੀ ਗੁਰਬਾਣੀ ਦਾ ਕਾਪੀ ਰਾਈਟ ਦੇਣਾ ਮਹਾਨ ਸਿੱਖ ਸਿਧਾਂਤਾਂ ਦੇ ਉਲਟ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੀਟੀਸੀ ਚੈਨਲ ਵਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਜਾਰੀ ਹੁੰਦੇ ਨਿੱਤ ਹੁਕਮਨਾਮੇ 'ਤੇ ਏਕਾ-ਅਧਿਕਾਰ ਜਮਾਉਣ ਦੀ ਚੌਪਾਸਿਉਂ ਨਿੰਦਿਆ ਹੋ ਰਹੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਮ ਯੁੱਧ ਮੋਰਚੇ ਦੀਆਂ ਪੰਤਾਲੀ ਮੰਗਾਂ 'ਚੋਂ ਇਕ ਮੁੱਖ ਮੰਗ ਇਹ ਵੀ ਸੀ ਕਿ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਕੀਰਤਨ ਦੇ ਆਲ ਇੰਡੀਆ ਰੇਡੀਉ ਜਾਂ ਕਿਸੇ ਹੋਰ ਜਨਤਕ ਪਲੇਟਫ਼ਾਰਮ ਤੋਂ ਦੁਨੀਆ ਭਰ 'ਚ ਸਿੱਧੇ ਪ੍ਰਸਾਰਨ ਦੀ ਵਿਵਸਥਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਜਦੋਂ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਦੇ ਹੱਕ ਸਿਰਫ਼ ਤੇ ਸਿਰਫ਼ ਇਕ ਨਿੱਜੀ ਚੈਨਲ ਨੂੰ ਦੇ ਦਿਤੇ ਗਏ ਹੋਣ ਤਾਂ ਇਹ ਮਾਮਲਾ ਸ਼ੱਕੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸੇ ਹੋਰ ਨਿੱਜੀ ਚੈਨਲ ਨੂੰ ਇਹ ਹੱਕ ਦਿਤੇ ਗਏ ਸਨ ਅਤੇ ਉਸ ਤੋਂ ਬਾਅਦ ਬਾਦਲ ਪਰਵਾਰ ਦੀ ਮਾਲਕੀ ਵਾਲੇ ਪੀਟੀਸੀ ਚੈਨਲ ਕੋਲ ਪਹੁੰਚ ਗਏ।

ਉਨ੍ਹਾਂ ਕਿਹਾ ਕਿ ਇਹ ਵੱਡੀ ਜਾਂਚ ਦਾ ਵਿਸ਼ਾ ਹੈ ਕਿ ਕਿਸੇ ਹੋਰ ਚੈਨਲ ਨੂੰ ਗਏ ਹੱਕ ਪੀਟੀਸੀ ਕੋਲ ਕਿਵੇਂ ਪਹੁੰਚ ਗਏ। ਸਾਬਕਾ ਜਥੇਦਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਿਕ ਪਹਿਲਾਂ-ਪਹਿਲ ਜੋ ਕਰਾਰ ਕੀਤਾ ਗਿਆ ਸੀ ਉਸ ਮੁਤਾਬਕ ਕਰੋੜਾਂ ਰੁਪਿਆ ਸਾਲਾਨਾ ਕਰੋੜਾਂ ਰੁਪਏ ਦੀ ਇਕ ਨਿਸ਼ਚਿਤ ਫ਼ੀਸ ਅਤੇ ਗੁਰਬਾਣੀ ਤੋਂ ਪਹਿਲਾਂ ਅਤੇ ਬਾਅਦ ਵਿਚ ਚੱਲਣ ਵਾਲੇ ਇਸ਼ਤਿਹਾਰਾਂ ਦਾ ਇਕ ਹਿੱਸਾ ਸ਼੍ਰੋਮਣੀ ਕਮੇਟੀ ਨੂੰ ਚੈਨਲ ਵਲੋਂ ਅਦਾ ਕੀਤਾ ਜਾਣਾ ਸੀ।

ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕੇ ਪੀਟੀਸੀ ਵਲੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਬਦਲੇ ਸ਼੍ਰੋਮਣੀ ਕਮੇਟੀ ਨੂੰ ਸ਼ਾਇਦ ਹੀ ਕੁਝ ਅਦਾ ਕੀਤਾ ਜਾਂਦਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦੀ ਜਾਂਚ ਸੀਬੀਆਈ ਨੂੰ ਸੌਂਪਣ। ਉਨ੍ਹਾਂ ਹੈਰਾਨੀ ਜ਼ਾਹਰ ਕੀਤੀ ਕਿ ਸਮੁੱਚੀ ਮਾਨਵਤਾ ਦੀ ਭਲਾਈ ਲਈ ਰਚੀ ਗਈ ਮਹਾਨ ਬਾਣੀ ਨੂੰ ਸਿਰਫ ਤੇ ਸਿਰਫ ਇਕ ਨਿੱਜੀ ਟੀਵੀ ਚੈਨਲ ਤਕ ਸੀਮਤ ਕਿਉਂ ਕੀਤਾ ਗਿਆ ਹੈ?

ਪਰ ਇਸ ਦੇ ਵੀ ਕਾਪੀ ਰਾਈਟ ਤੈਅ ਕਰਕੇ ਇਕ ਬੱਜਰ ਗ਼ਲਤੀ ਕੀਤੀ ਗਈ ਹੈ ਜਿਸ ਨੂੰ ਕਿ ਹੁਣ ਜਲਦ ਤੋਂ ਜਲਦ ਸੁਧਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੀਟੀਸੀ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਨ ਦੇ ਦਿਤੇ ਗਏ ਕਾਪੀਰਾਈਟ ਫੌਰੀ ਰੱਦ ਕਰ ਦਿਤੇ ਜਾਣ।

ਉਨ੍ਹਾਂ ਹੁਕਮਨਾਮੇ ਦਾ ਪ੍ਰਸਾਰਣ ਕਰਦੇ ਨਿੱਜੀ ਸੋਸ਼ਲ ਮੀਡੀਆ ਚੈਨਲਾਂ ਤੇ ਮੀਡੀਆ ਹਾਊਸਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਮੁੱਚਾ ਸਿੱਖ ਜਗਤ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਾ ਹੈ। ਉਹ ਵੱਧ ਤੋਂ ਵੱਧ ਹੁਕਮਨਾਮੇ ਦਾ ਗੁਰਬਾਣੀ ਦਾ ਪ੍ਰਸਾਰ ਤੇ ਪ੍ਰਚਾਰ ਕਰਨ।