ਅਕਾਲੀਆਂ ਨੇ ਕੀਤੀ ਦਰਬਾਰ ਸਾਹਿਬ ‘ਚ ਸੇਵਾ
ਬੀਬੀ ਜਗੀਰ ਕੌਰ ਲੰਗਰ ਹਾਲ ਵਿੱਚ ਭਾਂਡੇ ਮਾਂਜਣ ਦੀ ਸੇਵਾ ’ਚ ਵੇਖੇ ਗਏ
ਪੰਜਾਬ- ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ 14 ਦਸੰਬਰ ਨੂੰ ਹੈ ਅਤੇ ਅੱਜ ਉਸੇ ਸਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰੰਭ ਹੋਇਆ ਜਿਸ ਦਾ ਭੋਗ ਸਨਿੱਚਰਵਾਰ ਨੂੰ ਪੈਣਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਲਗਭਗ ਸਾਰੇ ਮੁੱਖ ਆਗੂ ਮੌਜੂਦ ਸਨ।
ਇਸ ਮੌਕੇ ਸੁਖਬੀਰ ਬਾਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ, ਡਾ. ਦਲਜੀਤ ਸਿੰਘ ਚੀਮਾ, ਬੀਬੀ ਹਰਸਿਮਰਤ ਕੌਰ ਬਾਦਲ, ਸ੍ਰੀ ਗੁਲਜ਼ਾਰ ਸਿੰਘ ਰਣੀਕੇ, ਸ੍ਰੀ ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਤਲਬੀਰ ਸਿੰਘ ਗਿੱਲ ਜਿਹੇ ਸੀਨੀਅਰ ਅਕਾਲੀ ਆਗੂ ਜੋੜੇ ਝਾੜਨ ਦੀ ਸੇਵਾ ਕਰਦੇ ਵੇਖੇ ਗਏ। ਬੀਬੀ ਜਗੀਰ ਕੌਰ ਲੰਗਰ ਹਾਲ ਵਿੱਚ ਭਾਂਡੇ ਮਾਂਜਣ ਦੀ ਸੇਵਾ ’ਚ ਵੇਖੇ ਗਏ।
14 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਸੈਸ਼ਨ ਹੋਵੇਗਾ, ਜਿੱਥੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਵੀ ਹੋਣੀ ਹੈ। ਸੂਤਰਾਂ ਮੁਤਾਬਕ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਹੀ ਮੁੜ ਪਾਰਟੀ ਪ੍ਰਧਾਨ ਚੁਣੇ ਜਾਣ ਦੀ ਸੰਭਾਵਨਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ, 1920 ਨੂੰ ਹੋਈ ਸੀ।
ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਸੈਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡਕੁਆਰਟਰਜ਼ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਆਪਣੀ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਤੋਂ ਬਾਅਦ ਹੁਣ ਸਮੁੱਚੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ਉੱਤੇ ਡੈਲੀਗੇਟ ਚੁਣੇ ਜਾ ਰਹੇ ਹਨ। ਇਸ ਮੈਂਬਰਸ਼ਿਪ ਮੁਹਿੰਮ ਲਈ ਜ਼ਿਲ੍ਹਾ ਨਿਗਰਾਨ ਇਹ ਕੰਮ ਕਰ ਰਹੇ ਹਨ।