ਰਾਜਪਾਲ ਦੇ ਭਾਸ਼ਣ 'ਚੋਂ ਗ਼ਾਇਬ ਹੈ ਕੈਪਟਨ ਦਾ ਚੋਣ ਮੈਨੀਫੈਸਟੋ : ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਪਾਲ ਦੇ ਭਾਸ਼ਣ ਨੂੰ ਫੋਕਾ ਅਤੇ ਆਸਾ-ਉਮੀਦਾਂ ਤੋਂ ਸੱਖਣਾ ਕਰਾਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਹੈ...

Harpal Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਪਾਲ ਦੇ ਭਾਸ਼ਣ ਨੂੰ ਫੋਕਾ ਅਤੇ ਆਸਾ-ਉਮੀਦਾਂ ਤੋਂ ਸੱਖਣਾ ਕਰਾਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਹੈ ਕਿ ਮਾਨਯੋਗ ਰਾਜਪਾਲ ਦੇ ਭਾਸ਼ਣ 'ਚ ਕਾਂਗਰਸ ਦਾ ਉਹ ਚੋਣ ਮੈਨੀਫੈਸਟੋ ਕਿਉਂ ਗ਼ਾਇਬ ਹੈ, ਜਿਸ ਰਾਹੀਂ ਤੁਸੀਂ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ, ਬੇਰੁਜ਼ਗਾਰਾਂ, ਦਲਿਤਾਂ ਅਤੇ ਬਜ਼ੁਰਗਾਂ ਸਮੇਤ ਸਾਰੇ ਵਰਗਾਂ ਨੂੰ ਗੁਮਰਾਹ ਕਰ ਕੇ 2 ਸਾਲ ਪਹਿਲਾਂ ਸਰਕਾਰ ਬਣਾਈ ਸੀ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਉੱਪਰ ਰਾਜਪਾਲ ਬੀ.ਪੀ ਸਿੰਘ ਬਦਨੌਰ ਕੋਲੋਂ ਝੂਠ ਦਾ ਪੁਲੰਦਾ ਪੜਾਉਣ ਦਾ ਦੋਸ਼ ਲਗਾਇਆ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ 'ਚ ਸਭ ਤੋਂ ਵੱਡਾ ਝੂਠ 'ਕਰਜ਼ਾ ਕੁਰਕੀ ਖ਼ਤਮ ਫ਼ਸਲ ਦੀ ਪੂਰੀ ਰਕਮ' ਦੇ ਨਾਂ 'ਤੇ ਬੋਲਿਆ ਗਿਆ ਹੈ। ਇਸ ਚੋਣ ਵਾਅਦੇ ਮੁਤਾਬਿਕ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਗਏ ਪ੍ਰੰਤੂ ਕਰਜ਼ਾ ਮਾਫ਼ੀ ਦੇ ਨਾਂ 'ਤੇ ਧੋਖਾ ਅਤੇ ਜ਼ਲਾਲਤ ਦਿੱਤੀ ਗਈ ਹੈ। ਇਹੋ ਕਾਰਨ ਹੈ ਕਿ 2 ਸਾਲਾਂ ਦੌਰਾਨ 900 ਤੋਂ ਜ਼ਿਆਦਾ ਕਿਸਾਨ ਅਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਚੁੱਕੇ ਹਨ।

ਇਨਾਂ 900 ਕਿਸਾਨਾਂ ਦੇ ਆਤਮ ਹੱਤਿਆ ਦੇ ਜਿੰਮੇਦਾਰ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਅਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਚੀਮਾ ਨੇ ਕਿਹਾ ਕਿ ਸਰਕਾਰ ਵਿੱਤੀ ਕੰਗਾਲੀ ਇਕਬਾਲ ਕਰਦੀ ਹੋਈ ਇਸ ਵਿੱਤੀ ਸੰਕਟ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ, ਜਦਕਿ ਖ਼ੁਦ ਬਾਦਲਾਂ ਦੇ ਪਦਚਿੰਨਾਂ 'ਤੇ ਚੱਲ ਰਹੀ ਹੈ। ਮੁਲਾਜ਼ਮਾਂ ਤਨਖ਼ਾਹ ਅਤੇ ਬਜ਼ੁਰਗ ਪੈਨਸ਼ਨਾਂ ਨੂੰ ਤਰਸ ਰਹੇ ਹਨ, ਪਰੰਤੂ ਕੈਪਟਨ ਸਾਹਿਬ ਦੇ ਸ਼ਾਹੀ-ਠਾਠਾਂ ਲਈ ਪੈਸੇ ਦੀ ਕੋਈ ਕਮੀ ਨਹੀਂ।

ਚੀਮਾ ਨੇ 72 ਘੰਟਿਆਂ 'ਚ 2 ਗੈਂਗਰੇਪ ਦੀਆਂ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ ਸਰਕਾਰ ਅਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ।
ਪੰਜਾਬ ਦੇ ਪਾਣੀਆਂ, ਪੰਜਾਬੀ ਬੋਲ ਦੇ ਇਲਾਕਿਆਂ ਅਤੇ ਰਾਜਧਾਨੀ ਚੰਡੀਗੜ੍ਹ ਬਾਰੇ ਕੈਪਟਨ ਸਰਕਾਰ ਨੂੰ ਬਿਲਕੁਲ ਗੈਰ-ਸੰਜੀਦਾ ਦੱਸਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਪਾਣੀਆਂ ਅਤੇ ਲੰਬਿਤ ਰਿਵਾਇਤੀ ਮੁੱਦਿਆਂ ਬਾਰੇ ਗੰਭੀਰ ਹੁੰਦੀ ਤਾਂ ਪੰਜਾਬ ਦੇ ਪਾਣੀਆਂ ਦੇ ਕੇਸਾਂ ਦੀ ਲੜਾਈ ਲਈ ਉਸੇ ਸ਼ਿੱਦਤ ਨਾਲ ਮਹਿੰਗੇ ਤੋਂ ਮਹਿੰਗੇ ਵਕੀਲ ਕਰਦੀ ਜਿਵੇਂ ਆਪਣੇ ਚੀਫ਼ ਪ੍ਰਿੰਸੀਪਲ ਸੈਕਟਰੀ ਲਈ ਕੀਤੇ ਸਨ।

ਚੀਮਾ ਨੇ ਕਿਹਾ ਕਿ ਜਿਸ ਬੇਦਿਲੀ ਨਾਲ ਪੰਜਾਬ ਦੇ ਪਾਣੀਆਂ ਦੇ ਕੇਸ ਲੜੇ ਜਾ ਰਹੇ ਹਨ। ਉਹ ਨਿਰਾਸ਼ ਕਰਨ ਵਾਲਾ ਹੈ। ਪਾਣੀ ਦੀ ਗੰਭੀਰ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਚੀਮਾ ਨੇ ਕਿਹਾ ਕਿ ਨਹਿਰਾਂ-ਕੱਸੀਆਂ ਰਾਹੀਂ ਨਾ ਟੇਲਾਂ 'ਤੇ ਪਾਣੀ ਪਹੁੰਚ ਰਿਹਾ ਹੈ ਅਤੇ ਨਾ ਹੀ ਵਾਟਰ ਵਰਕਸ 'ਚ। ਉਨ੍ਹਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ 40 ਫ਼ੀਸਦੀ ਪਿੰਡਾਂ 'ਚ ਪੀਣ ਯੋਗ ਪਾਣੀ ਦੇਣਾ ਬਾਕੀ ਹੈ। ਜਦਕਿ ਸੱਚ ਇਹ ਹੈ ਕਿ ਕੁੱਲ 40 ਫ਼ੀਸਦੀ ਪਿੰਡਾਂ ਨੂੰ ਵੀ ਪੀਣ ਯੋਗ ਪਾਣੀ ਨਹੀਂ ਮਿਲ ਰਿਹਾ।

ਸੇਮ ਦੀ ਸਮੱਸਿਆ ਦੇ ਹੱਲ ਨੂੰ ਝੂਠਾ ਦਾਅਵਾ ਦੱਸਦੇ ਹੋਏ ਕਿਹਾ ਕਿ ਸੇਮ ਨਾਲਿਆਂ ਦੀ ਪੁਟਾਈ ਤੇ ਸਫ਼ਾਈ ਸਭ ਕਾਗ਼ਜ਼ਾਂ 'ਚ ਹੁੰਦੀ ਹੈ ਅਤੇ ਇਸ ਅਰਬਾਂ ਰੁਪਏ ਦੇ ਘੋਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਸਾਰੀਆਂ ਸਰਕਾਰੀ ਸੇਵਾਵਾਂ ਠੱਪ ਹਨ। ਰਾਜਪਾਲ ਦੇ ਭਾਸ਼ਣ ਰਾਹੀਂ ਦਮਗਜੇ ਮਾਰਨ ਵਾਲੇ ਕੈਪਟਨ ਸਰਕਾਰ ਕਦੇ ਸੁਵਿਧਾ ਸੈਂਟਰਾਂ, ਥਾਣੇ, ਕਚਹਿਰੀਆਂ, ਪਟਵਾਰ ਖ਼ਾਨਿਆਂ, ਹਸਪਤਾਲਾਂ ਅਤੇ ਸਕੂਲਾਂ 'ਚ ਜਾ ਕੇ ਦੇਖੇ ਤਾਂ ਅਸਲੀਅਤ ਪਤਾ ਲੱਗ ਸਕਦੀ ਹੈ। ਚਾਰੇ ਪਾਸੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ।

ਨਸ਼ਿਆਂ ਦੇ ਹੱਲ ਬਾਰੇ ਰਾਜਪਾਲ ਦੇ ਭਾਸ਼ਣ ਨੂੰ ਕੋਰਾ ਝੂਠ ਦੱਸਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਸ਼ੇ ਦੇ ਤਸਕਰ ਪੂਰੀ ਤਰ੍ਹਾਂ ਸਰਗਰਮ ਹਨ। ਨੌਜਵਾਨ ਉਵਰਡੋਜ ਨਾਲ ਜਿਉਂ ਦੇ ਤਿਉਂ ਮਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਟਕਾ ਸਾਹਿਬ ਦੀ ਸਹੂੰ 'ਤੇ ਖਰੇ ਨਹੀਂ ਉਤਰ ਸਕੇ। ਚੀਮਾ ਨੇ ਕਿਹਾ ਕਿ ਅਮਲੀ ਰੂਪ 'ਚ ਕੈਪਟਨ ਸਰਕਾਰ ਦੌਰਾਨ ਕੋਈ ਨਵਾਂ ਉਦਯੋਗ ਅਤੇ ਨਿਵੇਸ਼ ਨਹੀਂ ਹੋਇਆ। ਜਿਵੇਂ ਬਾਦਲ ਅਰਬਾਂ-ਖਰਬਾਂ ਦੇ ਇਕਰਾਰਨਾਮਿਆਂ ਦੇ ਢੋਲ ਵਜਾਉਂਦੇ ਸਨ ਉਸੇ ਤਰ੍ਹਾਂ ਕੈਪਟਨ ਸਰਕਾਰ ਵੀ ਕਾਗ਼ਜ਼ੀ ਢੋਲ ਵਜਾਉਣ ਲੱਗੀ ਹੈ ਕਿ 51339 ਕਰੋੜ ਦੇ 298 ਇਕਰਾਰਨਾਮੇ ਹੋਏ ਹਨ।

ਚੀਮਾ ਨੇ ਕਿਹਾ ਕਿ ਟਰਾਂਸਪੋਰਟ, ਰੇਤ-ਬਜਰੀ, ਸ਼ਰਾਬ ਅਤੇ ਬਿਜਲੀ ਮਾਫ਼ੀਆ ਜਿਉਂ ਦੀ ਤਿਉਂ ਹਾਵੀ ਹੈ। ਸਿਰਫ਼ ਹਿੱਸੇਦਾਰੀਆਂ ਬਦਲ ਕੇ ਹੁਣ ਕਾਂਗਰਸੀਆਂ ਕੋਲ ਆ ਗਈਆਂ ਹਨ। ਚੀਮਾ ਨੇ ਕਿਹਾ ਕਿ ਸੂਬੇ 'ਚ ਸੜਕਾਂ ਅਤੇ ਬਿਜਲੀ ਦਾ ਬੁਰਾ ਹਾਲ ਹੈ। ਬਿਜਲੀ ਦੇ ਬੇਹੱਦ ਮਹਿੰਗੇ ਬਿੱਲਾਂ ਦੇ ਸਤਾਏ ਲੋਕ ਅੱਜ ਪਿੰਡ-ਪਿੰਡ ਅੰਦੋਲਨ ਕਰ ਰਹੇ ਹਨ। ਹਸਪਤਾਲਾਂ ਵਾਂਗ ਸਕੂਲ ਅਤੇ ਉੱਚ-ਸਿੱਖਿਆ ਪੂਰੀ ਤਰ੍ਹਾਂ ਤਬਾਹ ਕਰ ਦਿੱਤੀ ਗਈ ਹੈ। ਚੀਮਾ ਨੇ ਕਿਹਾ ਕਿ ਜਿੰਨਾ ਦਲਿਤਾਂ ਨੂੰ 200 ਯੂਨਿਟ ਬਿਜਲੀ ਮਾਫ਼ੀ ਦੇ ਦਾਅਵੇ ਕੀਤੇ ਜਾ ਰਹੇ ਹਨ ਉਹ 20-20, 40-40 ਹਜ਼ਾਰ ਦੇ ਬਿੱਲ ਹੱਥਾਂ 'ਚ ਫੜ ਕੇ ਭਟਕ ਰਹੇ ਹਨ।

ਕੋਈ ਸੁਣਵਾਈ ਨਹੀਂ ਹੋ ਰਹੀ। 15 ਨਵੇਂ ਡਿਗਰੀ ਕਾਲਜਾਂ ਦਾ ਦਾਅਵਾ ਕਰ ਰਹੀ ਕੈਪਟਨ ਸਰਕਾਰ ਨੂੰ ਇਹ ਫ਼ਿਕਰ ਨਹੀਂ ਕਿ ਪਿਛਲੇ 15 ਸਾਲਾਂ ਤੋਂ ਕਾਲਜਾਂ 'ਚ ਟੀਚਰਾਂ ਦੀ ਪੱਕੀ ਭਰਤੀ ਹੀ ਨਹੀਂ ਕੀਤੀ ਗਈ। ਚੀਮਾ ਨੇ ਕਿਹਾ ਕਿ ਪੰਚਾਇਤੀ ਰਾਜ ਪ੍ਰਣਾਲੀ ਪੂਰੀ ਤਰ੍ਹਾਂ ਚਿਰਮਿਰਾ ਗਈ ਹੈ। ਮਨਰੇਗਾ ਸਕੀਮ ਆਪਣੇ ਆਪ 'ਚ ਸੈਂਕੜੇ ਕਰੋੜ ਦਾ ਘੋਟਾਲਾ ਬਣਾ ਦਿੱਤੀ ਗਈ ਹੈ। ਚੀਮਾ ਨੇ ਹਰ ਸੜਕ ਨੂੰ ਟੋਲ ਪਲਾਜ਼ਾ ਅਧੀਨ ਲਿਆਉਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਾਂਗ ਪੰਜਾਬ ਦੇ ਸਾਰੇ ਪੰਚ-ਸਰਪੰਚਾਂ, ਨੰਬਰਦਾਰਾਂ ਅਤੇ ਫ਼ੌਜੀਆਂ ਅਤੇ ਸਾਬਕਾ ਫ਼ੌਜੀਆਂ ਨੂੰ ਟੋਲ ਪਲਾਜ਼ਾ ਤੋਂ ਰਾਹਤ ਦਿੱਤੀ ਜਾਵੇ।

ਚੀਮਾ ਨੇ ਫ਼ਸਲਾਂ ਦੇ ਮੁਆਵਜ਼ੇ ਲਈ ਤਹਿ ਕੀਤੀ 12 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਨੂੰ ਨਾ ਕਾਫ਼ੀ ਦੱਸਦੇ ਹੋਏ 100 ਫ਼ੀਸਦੀ ਮੁਆਵਜ਼ੇ ਦੀ ਮੰਗ ਕੀਤੀ। ਨੌਜਵਾਨਾਂ ਨੂੰ ਮੋਬਾਈਲ ਫੋਨਾਂ ਬਾਰੇ ਚੀਮਾ ਨੇ ਕਿਹਾ ਕਿ ਸਰਕਾਰ ਨੇ ਅੱਜ ਵਿਧਾਨ ਸਭਾ 'ਚ ਵੀ ਮੰਨ ਲਿਆ ਕਿ ਉਸ ਨੇ 2 ਸਾਲ ਬਾਅਦ ਵੀ ਵਾਅਦਾ ਪੂਰਾ ਨਹੀਂ ਕੀਤਾ। ਚੀਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਮੋਬਾਈਲ ਫੋਨਾਂ ਨਾਲੋਂ ਨੌਕਰੀ-ਰੁਜ਼ਗਾਰ ਜ਼ਰੂਰੀ ਹੈ। ਹਰਪਾਲ ਸਿੰਘ ਚੀਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਦੇ ਮੌਕੇ ਹਰੇਕ ਪਿੰਡ 'ਚ 550 ਪੌਦੇ ਲਗਾਉਣ ਦੀ ਯੋਜਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇਸ ਲਈ ਪੂਰਾ ਸਹਿਯੋਗ ਕਰੇਗੀ।