ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ 'ਤੇ ਸਰਕਾਰੀ ਹਮਲਾ ਨਿੰਦਣਯੋਗ : ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਟਿਆਲਾ ਵਿਖੇ ਆਪਣੀ ਹੱਕੀ ਮੰਗਾਂ...

Harpal Singh Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਟਿਆਲਾ ਵਿਖੇ ਆਪਣੀ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਜਥੇਬੰਦੀਆਂ ਦੇ ਅਧਿਆਪਕਾਂ 'ਤੇ ਕੀਤੇ ਗਏ ਸਰਕਾਰੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
'ਆਪ' ਵਲੋਂ ਜਾਰੀ ਪ੍ਰੈੱਸ ਬਿਆਨ ਵਿਚ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਹੋਇਆ ਕਿਹਾ ਕਿ ਜੇਕਰ ਉਹ ਸੰਘਰਸ਼ ਕਰ ਰਹੇ ਅਧਿਆਪਕਾਂ ਦੀ ਗੱਲ ਸੁਣ ਲੈਂਦੇ ਤਾਂ ਪੁਲਿਸ ਅਤੇ ਅਧਿਆਪਕਾਂ ਵਿਚਕਾਰ ਮੰਦਭਾਗਾ ਟਕਰਾਅ ਨਾ ਹੁੰਦਾ।

ਚੀਮਾ ਨੇ ਕਿਹਾ ਕਿ ਬੇਹੱਦ ਠੰਢ ਦੇ ਮੌਸਮ 'ਚ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਮੋਤੀ ਮਹਿਲ ਦੀ ਸ਼ਹਿ 'ਤੇ ਬੜੀ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਹੈ। ਪਾਣੀ ਦੀਆਂ ਬੁਛਾਰਾਂ ਸੁੱਟੀਆਂ ਗਈਆਂ ਅਤੇ ਪੁਲਿਸ ਨੇ ਅਪਣੇ ਬਲ ਦੀ ਦੁਰਵਰਤੋਂ ਕੀਤੀ, ਜਿਸ ਨਾਲ ਕਾਫ਼ੀ ਅਧਿਆਪਕਾਂ ਦੇ ਜ਼ਖਮੀ ਅਤੇ ਬੇਹੋਸ਼ ਹੋਣ ਦੀ ਸੂਚਨਾ ਮਿਲੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਹੈ। ਚੀਮਾ ਅਨੁਸਾਰ ਪੁਲਿਸ ਵਲੋਂ ਨਾ ਕੇਵਲ ਪਾਣੀ ਦੀਆਂ ਬੁਛਾਰਾਂ ਅਤੇ ਲਾਠੀਆਂ ਚਲਾਈਆਂ ਗਈਆਂ ਬਲਕਿ ਸਰਕਾਰੀ ਸ਼ਹਿ 'ਤੇ ਸੈਂਕੜੇ ਅਧਿਆਪਕਾਂ ਦੇ ਵਿਰੁਧ ਪਰਚੇ ਦਰਜ ਕਰਨ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।

ਜਿਸ ਦੀ ਪੁਸ਼ਟੀ ਅਧਿਆਪਕ ਜਥੇਬੰਦੀਆਂ ਮੀਡੀਆ ਦੇ ਸਾਹਮਣੇ ਕਰ ਰਹੀਆਂ ਹਨ। ਚੀਮਾ ਨੇ ਕਿਹਾ ਕਿ ਇਹ ਮੰਦਭਾਗੀ ਅਤੇ ਤਾਨਾਸ਼ਾਹੀ ਕਾਰਵਾਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ ਸੀ। ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਨ੍ਹਾਂ ਅਧਿਆਪਕ ਜਥੇਬੰਦੀਆਂ ਨਾਲ ਡਟ ਕੇ ਖੜੀ ਹੈ ਅਤੇ ਇਹ ਮਾਮਲਾ ਪੰਜਾਬ ਵਿਧਾਨ ਸਭਾ ਵਿਚ ਵੀ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਵੇਗਾ,

ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਬੇਰੁਜ਼ਗਾਰਾਂ ਨਾਲ ਘਰ-ਘਰ ਨੌਕਰੀ ਦੇਣ ਅਤੇ ਮੁਲਾਜ਼ਮ ਅਤੇ ਅਧਿਆਪਕ ਸੰਗਠਨਾਂ ਦੀਆਂ ਸਾਰੀਆਂ ਹੱਕੀ ਮੰਗ ਮੰਨਣ ਦਾ ਵਾਅਦਾ ਕੀਤਾ ਸੀ, ਪਰੰਤੂ ਸਰਕਾਰ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਹਨ। ਇੱਥੋਂ ਤੱਕ ਕਿ ਉਹ ਸੰਗਠਨਾਂ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਭਰੇ ਲਹਿਜੇ 'ਚ ਦੱਸਿਆ ਕਿ ਜੇਕਰ ਉਨ੍ਹਾਂ ਨੇ ਰਾਜਿਆਂ ਵਾਂਗ ਇਸੇ ਤਰ੍ਹਾਂ ਤਾਨਾਸ਼ਾਹੀ ਜਾਰੀ ਰੱਖੀ ਤਾਂ ਪੰਜਾਬ ਦੇ ਲੋਕ ਆਉਂਦੀਆਂ ਚੋਣਾਂ 'ਚ ਸਬਕ ਜ਼ਰੂਰ ਸਿਖਾਉਣਗੇ।

Related Stories