ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਬਾਦਲਾਂ ਵਿਰੁੱਧ ਫ਼ੌਜਦਾਰੀ ਪਟੀਸ਼ਨ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਬਾਦਲ ਵਿਰੁੱਧ ਦਾਇਰ ਫ਼ੌਜਦਾਰੀ ਸ਼ਿਕਾਇਤ...

Parkash Singh Badal with Sukhbir Badal

ਲੁਧਿਆਣਾ : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਬਾਦਲ ਵਿਰੁੱਧ ਦਾਇਰ ਫ਼ੌਜਦਾਰੀ ਸ਼ਿਕਾਇਤ ਨੂੰ ਸਥਾਨਕ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਜੁਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਸਭਰਵਾਲ ਦੀ ਅਦਾਲਤ ਨੇ ਪਟੀਸ਼ਨ ਖਾਰਜ ਕਰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ ਦੇ ਅਨੁਮਾਨਾਂ ਅਤੇ ਲੋਕਾ ਕੋਲੋਂ ਸੁਣੀ ਸੁਣਾਈ ਗੱਲਾਂ ਦੇ ਆਧਾਰ 'ਤੇ ਮੁਲਜ਼ਮਾਂ ਨੂੰ ਫੌਜਦਾਰੀ ਮਾਮਲੇ ਵਿਚ ਸੰਮਨ ਜਾਰੀ ਨਹੀਂ ਕੀਤਾ ਜਾ ਸਕਦਾ।

ਨਾ ਤਾਂ ਸ਼ਿਕਾਇਤਕਰਤਾ ਖੁਦ ਮੌਕਾ ਏ ਵਾਰਦਾਤ 'ਤੇ ਸੀ ਅਤੇ ਨਾ ਹੀ ਉਸ ਨੇ ਅਜਿਹਾ ਕੋਈ ਗਵਾਹ ਜਾਂ ਸਬੂਤ ਪੇਸ਼ ਕੀਤਾ ਜਿਸ ਨੇ ਬਾਦਲ ਪਿਤਾ-ਪੁੱਤਰ ਦੇ ਸ਼ਾਮਲ ਹੋਣ ਦਾ ਪਤਾ ਚਲਦਾ ਹੋਵੇ। ਦੋਵਾਂ ਦੇ ਵਿਰੁੱਧ ਗੁਰਦੇਵ ਨਗਰ ਨਿਵਾਸੀ ਜਗਦੀਪ ਗਿੱਲ ਨੇ ਫੌਜਦਾਰੀ ਦੀ ਧਾਰਾਵਾਂ ਤਹਿਤ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ। ਸ਼ਿਕਾਇਕਰਤਾ ਨੇ ਅਪਣੀ ਗਵਾਹੀ ਅਤੇ ਹੋਰ ਦੋ ਗਵਾਹਾਂ ਜਗਦੀਸ਼ ਚੰਦ ਅਤੇ ਫਿਰੋਜ ਦੀ ਗਵਾਹੀ ਕਲਮਬੱਧ ਕਰਾਉਂਦੇ ਹੋਏ  ਬਾਦਲ ਪਿਤਾ-ਪੁੱਤਰ ਨੂੰ ਬਹਿਬਲ ਕਲਾਂ ਗੋਲੀ ਕਾਂਡ ਵਿਚ ਅਦਾਲਤ ਵਿਚ ਤਲਬ ਕਰਨ ਦੀ ਅਪੀਲ ਕੀਤੀ ਸੀ। 

ਉਸ ਨੇ ਦੋਸ਼ ਲਗਾਇਆ ਸੀ ਕਿ ਸਾਲ 2006 ਤੋਂ 2016 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਜਦ ਕਿ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ। 10 ਅਕਤੂਬਰ 2015 ਨੂੰ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਰੋਸ ਵਿਚ ਜਦ ਸਿੱਖ ਸੰਗਤ ਸ਼ਾਂਤੀ ਪੂਰਵਕ ਰੋਸ ਜ਼ਾਹਰ ਕਰ ਰਹੀ ਸੀ ਤਾਂ ਵੱਡੇ ਪੱਧਰ 'ਤੇ ਪੁਲਿਸ ਫੋਰਸ ਉਥੇ ਆ ਗਈ। ਉਨ੍ਹਾਂ ਨੇ ਸਿੱਖ ਸੰਗਤ ਨੂੰ ਰਸਤਾ ਖਾਲੀ ਕਰਨ ਲਈ ਕਿਹਾ, ਪਰ ਜਦ ਸੰਗਤ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਪੁਲਿਸ ਨੇ ਉਥੇ ਲਾਠੀਚਾਰਜ ਤੇ ਗੋਲੀਬਾਰੀ ਕਰ ਦਿੱਤੀ।

ਜਿਸ ਦੌਰਾਨ ਦੋ ਸਿੱਖ ਨੌਜਵਾਨ ਮਾਰੇ ਗਏ ਅਤੇ ਕੁਝ ਨੂੰ ਸੱਟਾਂ ਲੱਗੀਆਂ। ਉਨ੍ਹਾਂ ਦੇ ਅਨੁਸਾਰ ਘਟਨਾ ਸਥਾਨ 'ਤੇ ਕੁਝ ਹੋਰ ਵੀ ਲੋਕ ਮਾਰੇ ਗਏ ਸਨ, ਪਰ ਉਨ੍ਹਾਂ ਦਾ ਨਾਂ ਰਿਕਾਰਡ ਵਿਚ ਨਹੀਂ ਆਇਆ। ਉਨ੍ਹਾਂ ਦੋਸ਼ ਲਗਾਇਆ ਕਿ ਦੋਵੇਂ ਬਾਦਲਾਂ ਦੇ ਨਿਰਦੇਸ਼ਾਂ 'ਤੇ ਹੀ 14 ਅਕਤੂਬਰ ਨੂੰ ਸਿੱਖ ਸੰਗਤ 'ਤੇ ਗੋਲੀ ਚਲਾਉਣ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਨੇ ਅਦਾਲਤ ਕੋਲੋਂ ਦੋਵੇਂ ਬਾਦਲਾਂ ਨੂੰ ਉਪਰੋਕਤ ਫ਼ੌਜਦਾਰੀ ਧਾਰਾਵਾਂ ਦੇ ਤਹਿਤ ਤਲਬ ਕਰਕੇ ਕੇਸ ਚਲਾਉਣ ਦੀ ਮੰਗ ਕੀਤੀ ਸੀ।

ਪ੍ਰੰਤੂ ਸੁਮਿਤ ਸਭਰਵਾਲ ਦੀ ਅਦਾਲਤ ਵਿਚ ਸ਼ਿਕਾਇਤਕਰਤਾ ਉਪਰੋਕਤ ਦੋਵੇਂ ਬਾਦਲਾਂ ਦੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਸਾਬਤ ਕਰਨ ਵਿਚ ਅਸਫਲ ਰਿਹਾ, ਜਿਸ ਦੇ ਚਲਦਿਆਂ ਅਦਾਲਤ ਨੇ ਉਸ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ।